ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਕੰਮ ਵਾਲੀਆਂ ਥਾਵਾਂ ’ਤੇ ਕੋਵਿਡ ਟੀਕਾਕਰਨ ਕੈਂਪ ਲਾ ਕੇ ਯੋਗ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫ਼ਤ ਵਿੱਚ ਇਹਤਿਆਤੀ ਖੁਰਾਕ ਮੁਹੱਈਆ ਕਰਵਾਉਣ ਲਈ ਕਿਹਾ ਹੈ। ਅਮਲਾ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਵਿਭਾਗਾਂ ਨੂੰ ਇਹਤਿਆਤੀ ਖੁਰਾਕ ਲੈਣ ਵਾਲੇ ਯੋਗ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਕਰਨ ਲਈ ਵੀ ਆਖਿਆ ਗਿਆ ਹੈ। ਕੈਂਪਾਂ ਵਿੱਚ ਕੋਵੀਸ਼ੀਲਡ ਤੇ ਕੋਵੈਕਸੀਨ ਦੋਵਾਂ ਤਰ੍ਹਾਂ ਦੀ ਵੈਕਸੀਨ ਉਪਲੱਬਧ ਕਰਵਾਉਣ ਦੇ ਹੁਕਮ ਕੀਤੇ ਗਏ ਹਨ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ 15 ਜੁਲਾਈ ਤੋਂ 18 ਤੋਂ 59 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੋਵਿਡ-19 ਦੀ ਇਹਤਿਆਤੀ ਖੁਰਾਕ ਮੁਫ਼ਤ ਵਿੱਚ ਲਾਉਣ ਦਾ ਐਲਾਨ ਕੀਤਾ ਸੀ। ਇਹ ਵਿਸ਼ੇਸ਼ ਮੁਹਿੰਮ 30 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਅੱਜ ਲੋਕ ਸਭਾ ਨੂੰ ਦੱਸਿਆ ਕਿ ਦੇਸ਼ ਵਿੱਚ ਅਨੁਮਾਨਿਤ 4 ਕਰੋੜ ਯੋਗ ਲਾਭਪਾਤਰੀ ਅਜਿਹੇ ਹਨ, ਜਿਨ੍ਹਾਂ ਨੇ 18 ਜੁਲਾਈ ਤੱਕ ਕੋਵਿਡ-19 ਦੀ ਇਕ ਵੀ ਖੁਰਾਕ ਨਹੀਂ ਲਵਾਈ। ਉਨ੍ਹਾਂ ਲਿਖਤੀ ਜਵਾਬ ਵਿਚ ਕਿਹਾ ਕਿ ਸਰਕਾਰੀ ਕੋਵਿਡ ਸੈਂਟਰਾਂ ਵਿੱਚ 18 ਜੁਲਾਈ ਤੱਕ 1,78,38,52,566 ਵੈਕਸੀਨ ਖੁਰਾਕਾਂ (97.34 ਫੀਸਦ) ਮੁਫ਼ਤ ਲਾਈਆਂ ਗਈਆਂ ਹਨ। ਬਾਲਗ ਆਬਾਦੀ ਵਿੱਚੋਂ 98 ਫੀਸਦ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੈ ਚੁੱਕੀ ਹੈ। -ਪੀਟੀਆਈ