ਨਵੀਂ ਦਿੱਲੀ, 25 ਜੁਲਾਈ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਸਾਨਾਂ ਦੀ ਹਾਲਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਹੋਣ ਦੀ ਬਜਾਏ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੁੱਗਣੀਆਂ ਹੋ ਗਈਆਂ ਹਨ। ਸਾਬਕਾ ਕਾਂਗਰਸ ਮੁਖੀ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਸਰਕਾਰ ’ਤੇ ਹੱਲਾ ਬੋਲਿਆ ਹੈ ਅਤੇ ਸਰਕਾਰ ਉੱਤੇ ਸਰਮਾਏਦਾਰਾਂ ਦੇ ਫਾਇਦੇ ਲਈ ਕੰਮ ਕਰਨ ਦਾ ਦੋਸ਼ ਲਾਇਆ ਹੈ। ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ‘ਕਿਸਾਨ ਪ੍ਰੇਸ਼ਾਨੀ’ ਯੋਜਨਾ: ਸ਼ਹੀਦ ਕਿਸਾਨਾਂ ਲਈ ਕੋਈ ਮੁਆਵਜ਼ਾ ਨਹੀਂ। ਕਿਸਾਨ ਖੁਦਕੁਸ਼ੀਆਂ ਬਾਰੇ ਕੋਈ ਅੰਕੜੇ ਨਹੀਂ। ‘ਦੋਸਤਾਂ’ ਦੇ ਕਰਜ਼ੇ ਮੁਆਫ਼ ਹੋਏ ਪਰ ਕਿਸਾਨਾਂ ਦੇ ਨਹੀਂ। ‘ਸਹੀ ਐੱਮਐੱਸਪੀ’ ਦਾ ਝੂਠਾ ਵਾਅਦਾ। ਫ਼ਸਲੀ ਬੀਮੇ ਦੇ ਨਾਂ ’ਤੇ ਬੀਮਾ ਕੰਪਨੀਆਂ ਨੂੰ 40 ਹਜ਼ਾਰ ਕਰੋੜ ਦਾ ਲਾਭ ਮਿਲ ਰਿਹਾ ਹੈ।’’ ਉਨ੍ਹਾਂ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ, ‘‘2022 ਤੱਕ ਆਮਦਨ ਦੁੱਗਣੀ ਕਰਨੀ ਸੀ ਜਾਂ ਦੁੱਖ ਦੁੱਗਣੇ ਕਰਨੇ ਸੀ।’’ ਇਸੇ ਦੌਰਾਨ ਰਾਹੁਲ ਗਾਂਧੀ ਨੇ ਵਿਗਿਆਨਕ ਉਪਕਰਨਾਂ ’ਤੇ ਜੀਐੱਸਟੀ ਵਧਾਉਣ ਲਈ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਗੱਬਰ ਸਿੰਘ ਟੈਕਸ ਕਾਰਨ ਵਿਗਿਆਨ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।’ -ਪੀਟੀਆਈ