ਨਵੀਂ ਦਿੱਲੀ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਦੋਂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਰਵਾਨਾ ਹੋਏ ਤਾਂ ਪਿੱਛੋਂ ਦਿੱਲੀ ਪੁਲੀਸ ਨੇ ਸਿੰਘੂ ਬਾਰਡਰ ਦੇ ਉਸ ਇਲਾਕੇ ਦੇ ਆਲੇ-ਦੁਆਲੇ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਜਿੱਥੇ ਪੰਜਾਬ ਦੇ ਕਿਸਾਨਾਂ ਨੇ ਧਰਨਾ ਦੇ ਕੇ ਦਿੱਲੀ ਨੂੰ ਉੱਤਰੀ ਭਾਰਤ ਵੱਲ ਜਾਂਦੇ ਮੁੱਖ ਮਾਰਗ ਨੂੰ ਡੱਕਿਆ ਹੋਇਆ ਹੈ। ਦਿੱਲੀ ਪੁਲੀਸ ਵੱਲੋਂ ਸਿੰਘੂ ਬਾਰਡਰ ਤੋਂ ਦਿੱਲੀ ਦੇ ਮੁਕਰਬਾ ਚੌਕ ਵੱਲ ਜਾਂਦੇ ਮਾਰਗ ਉਪਰ ਦੋ ਥਾਵਾਂ ਉੱਤੇ ਬੈਰੀਕੇਡ ਲਾ ਦਿੱਤੇ ਜਿਸ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸਿੰਘੂ ਤੋਂ ਕਰੀਬ ਇਕ ਕਿਲੋਮੀਟਰ ਦੂਰ ਦਿੱਲੀ ਵਾਲੇ ਪਾਸਿਉਂ ਜਲ ਤੋਪਾਂ, ਰੇਤੇ ਦੇ ਭਰੇ ਟਰੱਕ ਤੇ ਟਰਾਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੇ ਪ੍ਰਬੰਧ ਕੀਤੇ ਗਏ ਹਨ। ਧਰਨਾਕਾਰੀਆਂ ਉਪਰ ਦਬਾਅ ਪਾਉਣ ਲਈ ਦਿੱਲੀ ਪੁਲੀਸ ਨੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਸਿੰਘੂ ਬਾਰਡਰ ’ਤੇ ਵੀ ਦਿੱਲੀ ਨਗਰ ਨਿਗਮ ਦੇ ਬੈਰੀਅਰ ਨੂੰ ਜਾਂਦੇ ਰਾਹ ਉਪਰ ਵੀ ਰੇਤੇ ਦਾ ਭਰਿਆ ਟਰੱਕ ਖੜ੍ਹਾ ਕਰ ਦਿੱਤਾ। ਬੁਰਾੜੀ ਮਾਰਗ ਨੇੜੇ ਵੀ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਉੱਚ ਅਧਿਕਾਰੀਆਂ ਵੱਲੋਂ ਦਿਨ ਵਿੱਚ ਕਈ ਵਾਰ ਸੁਰੱਖਿਆ ਬੰਦੋਬਸਤ ਦੀ ਸਮੀਖਿਆ ਕੀਤੀ ਜਾਂਦੀ ਹੈ।