ਮੁੰਬਈ, 11 ਅਪਰੈਲ
ਇਥੋਂ ਦੀ ਅਦਾਲਤ ਨੇ ਆਈਐਨਐਸ ਵਿਕਰਾਂਤ ਏਅਰਕਰਾਫਟ ਕੈਰੀਅਰ ਘੁਟਾਲੇ ਵਿਚ ਘਿਰੇ ਭਾਜਪਾ ਆਗੂ ਕਿਰਤ ਸੋਮੱਈਆ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ’ਤੇ ਸੇਵਾਮੁਕਤ ਹੋ ਚੁੱਕੇ ਸਮੁੰਦਰੀ ਜਹਾਜ਼ ਨੂੰ ਬਹਾਲ ਕਰਵਾਉਣ ਦੇ ਨਾਂ ’ਤੇ 57 ਕਰੋੜ ਰੁਪਏ ਤੋਂ ਵੱਧ ਇਕੱਠੇ ਕਰਨ ਦੇ ਦੋਸ਼ ਲੱਗੇ ਸਨ। ਪੁਲੀਸ ਨੇ ਇਸ ਸਬੰਧੀ ਸਾਬਕਾ ਸੰਸਦ ਮੈਂਬਰ ਤੇ ਉਸ ਦੇ ਪੁੱਤਰ ਨੀਲ ਨੂੰ ਨਾਮਜ਼ਦ ਕੀਤਾ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰੀ ਦੇ ਡਰੋਂ ਦੋਵੇਂ ਪਿਓ-ਪੁੱਤਰ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ ਪਰ ਜੱਜ ਨੇ ਇਹ ਕਹਿੰਦਿਆਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕਿਰਤ ਸੋਮੱਈਆ ਦੀਆਂ ਵਿਕਰਾਂਤ ਨੂੰ ਮੁੜ ਤੋਂ ਸੇਵਾ ਵਿਚ ਲਿਆਉਣ ਦੇ ਨਾਂ ’ਤੇ ਪੈਸੇ ਇਕੱਠੇ ਕਰਨ ਦੀਆਂ ਫੋਟੋਆਂ ਜਨਤਕ ਹੋਈਆਂ ਹਨ। ਉਸ ਨੇ ਇਸ ਜਹਾਜ਼ ਨੂੰ ਮੁੜ ਸੇਵਾ ਵਿਚ ਆਉਣ ਦੇ ਨਾਂ ’ਤੇ ਪੈਸੇ ਇਕੱਠੇ ਕੀਤੇ ਪਰ ਉਹ ਪੈਸੇ ਰਾਜ ਸਰਕਾਰ ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਏ। ਅਦਾਲਤ ਨੇ ਅੱਜ ਕਿਰਤ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਸ ਦੇ ਪੁੱਤਰ ਨੀਲ ਦੀ ਅਗਾਊਂ ਜ਼ਮਾਨਤ ’ਤੇ ਭਲਕੇ ਸੁਣਵਾਈ ਹੋਵੇਗੀ। -ਪੀਟੀਆਈ
ਸੋਮੱਈਆ ਪਿਓ-ਪੁੱਤਰ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਹੋਵੇ: ਰਾਊਤ
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਆਗੂ ਕਿਰਤ ਸੋਮੱਈਆ ਤੇ ਉਸ ਦੇ ਪੁੱਤਰ ਨੀਲ ਸੋਮੱਈਆ ਨੇ ਸੇਵਾ ਤੋਂ ਹਟਾਏ ਗਏ ਏਅਰਕਰਾਫਟ ਕੈਰੀਅਰ ਵਿਕਰਾਂਤ ਨੂੰ ਬਚਾਉਣ ਦੇ ਬਹਾਨੇ ਘਪਲਾ ਕੀਤਾ ਹੈ ਤੇ ਇਹ ਦੋਵੇਂ ਦੇਸ਼ ਛੱਡ ਕੇ ਭੱਜ ਸਕਦੇ ਹਨ। ਇਸ ਕਰ ਕੇ ਉਨ੍ਹਾਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਹੋਣਾ ਚਾਹੀਦਾ ਹੈ।