ਨਵੀਂ ਦਿੱਲੀ, 2 ਨਵੰਬਰ
ਭਾਰਤੀ ਜਲ ਸੈਨਾ ਦਾ ਬੇੜਾ (ਆਈਐੱਨਐੱਸ) ਏਰਾਵਤ ਮਿਸ਼ਨ ਸਾਗਰ-2 ਤਹਿਤ100 ਟਨ ਖਾਧ ਸਹਾਇਤਾ ਸਮੱਗਰੀ ਲੈ ਕੇ ਅੱਜ ਸੂਡਾਨ ਪਹੁੰਚ ਗਿਆ ਹੈ। ਇਹ ਜਾਣਕਾਰੀ ਜਲ ਸੈਨਾ ਵੱਲੋਂ ਦਿੱਤੀ ਗਈ। ਮਿਸ਼ਨ ਸਾਗਰ-2 ਤਹਿਤ ਆਈਐੱਨਐੱਸ ਏਰਾਵਤ ਕਰੋਨਾ ਮਹਾਮਾਰੀ ਦੌਰਾਨ ਸੂਡਾਨ, ਦੱਖਣੀ ਸੂਡਾਨ, ਜਬਿੂਤੀ ਅਤੇ ਇਰਟੀਰੀਆ ਨੂੰ ਖਾਧ ਸਮੱਗਰੀ ਸਹਾਇਤਾ ਵਜੋਂ ਪਹੁੰਚਾਏਗਾ। ਆਈਐੱਨਐੱਸ ਏਰਾਵਤ ਅੱਜ ਸੂਡਾਨ ਬੰਦਰਗਾਹ ’ਤੇ ਪਹੁੰਚਿਆ। ਮਿਸ਼ਨ ਸਾਗਰ ਇੱਕ ਤਹਿਤ ਇਸ ਸਾਲ ਮਈ-ਜੂਨ ਮਹੀਨੇ ਭਾਰਤ ਵੱਲੋਂ ਮਾਲਦੀਵ, ਮਾਰੀਸ਼ਸ਼, ਸੈਸ਼ੇਲਸ, ਮੈਡਗਾਸਕਰ ਅਤੇ ਕੋਮੋਰਸ ਨੂੰ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਸਨ। ਜਲ ਸੈਨਾ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤ ਸਰਕਾਰ ਵੱਲੋਂ ਮਿੱਤਰ ਦੇਸ਼ਾਂ ਨੂੰ ਕੁਦਰਤੀ ਆਫ਼ਤਾਂ ਅਤੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਤਹਿਤ ਦਿੱਤੀ ਜਾ ਰਹੀ ਸਹਾਇਤਾ ਸਮੱਗਰੀ ਆਈਐੱਨਐੱਸ ਏਰਾਵਤ ਵੱਲੋਂ ਢੋਈ ਜਾ ਰਹੀ ਹੈ। ਇਹ ਵੀ ਕਿਹਾ ਗਿਆ ਕਿ ਇਹ ਮਿਸ਼ਨ ਰੱਖਿਆ ਅਤੇ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਦੇ ਤਾਲਮੇਲ ਨਾਲ ਪੂਰਾ ਕੀਤਾ ਜਾ ਰਿਹਾ ਹੈ। -ਏਜੰਸੀ