ਦੇਹਰਾਦੂਨ, 4 ਜੁਲਾਈ
ਭਾਰਤੀ ਤਕਨਾਲੋਜੀ ਸੰਸਥਾ ਰੁੜਕੀ ਨੇ ਧੁੰਦ ਦੇ ਮੌਸਮ ਵਿੱਚ ਹਾਦਸਿਆਂ ਨੂੰ ਘਟਾਉਣ ਅਤੇ ਨਿਰਵਿਘਨ ਡਰਾਈਵਿੰਗ ਦੀ ਸਹੂਲਤ ਦੇਣ ਲਈ ਇਕ ਪ੍ਰਣਾਲੀ ਇਜ਼ਾਦ ਕੀਤੀ ਹੈ।
ਆਈਆਈਟੀ ਰੁੜਕੀ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ, ‘‘ਇਸ ਵੱਕਾਰੀ ਸੰਸਥਾ ਦੇ ਖੋਜੀਆਂ ਦੀ ਇਕ ਟੀਮ ਵੱਲੋਂ ਘੱਟ ਦਿਖਣ ਵਾਲੇ ਹਾਲਾਤ ਵਿੱਚ ਵੀ ਵਧੀਆ ਡਰਾਈਵਿੰਗ ਦੀ ਸਹੂਲਤ ਦੇਣ ਦੇ ਮਕਸਦ ਨਾਲ ਇਕ ਸਫ਼ਲ ਆਰਕੀਟੈਕਚਰ ਇਜ਼ਾਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧੁੰਦ ਕਾਰਨ ਹਰ ਸਾਲ ਸੈਂਕੜੇ ਸੜਕ ਹਾਦਸੇ ਵਾਪਰਦੇ ਹਨ।
ਇਹ ਤਕਨੀਕ ਇਜ਼ਾਦ ਕਰਨ ਵਾਲੇ ਖੋਜੀਆਂ ਦੀ ਟੀਮ ਵਿੱਚੋਂ ਇਕ ਖੋਜੀ ਬ੍ਰਜੇਸ਼ ਕੁਮਾਰ ਕੌਸ਼ਿਕ ਨੇ ਕਿਹਾ ਕਿ ‘ਟਰਾਂਜ਼ੈਕਸ਼ਨਜ਼ ਆਨ ਇੰਟੈਲੀਜੈਂਟ ਟਰਾਂਸਪੋਰਟੇਸ਼ਨ ਸਿਸਟਮਜ਼’ ਵਿਸ਼ੇ ’ਤੇ ਆਧਾਰਤ ਇਹ ਖੋਜ ਇਲੈਕਟ੍ਰੀਕਲ ਤੇ ਇਲੈਕਟ੍ਰੌਨਿਕਸ ਇੰਜਨੀਅਰਜ਼ ਸੰਸਥਾ ਦੇ ਜਰਨਲ ਵਿੱਚ ਛਪੀ ਹੈ। ਆਈਆਈਟੀ ਰੁੜਕੀ ਦੇ ਡਾਇਰੈਕਟਰ ਅਜੀਤ ਕੁਮਾਰ ਚਤੁਰਵੇਦੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਆਧੁਨਿਕ ਧੁੰਦ ਵਿਰੋਧੀ ਪ੍ਰਣਾਲੀ ਸਾਰੇ ਡਰਾਈਵਰਾਂ ਨੂੰ ਸਮੇਂ ਸਿਰ ਸੂਚਨਾ ਦੇਵੇਗੀ ਅਤੇ ਧੁੰਦ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਤੇ ਰੇਲ ਹਾਦਸਿਆਂ ਦਾ ਖ਼ਤਰਾ ਘਟਾਏਗੀ। -ਪੀਟੀਆਈ