ਕੋਲਕਾਤਾ, 23 ਜਨਵਰੀ
ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਇੰਦਰਾ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਸਥਾਪਤ ਕਰ ਕੇ ਖ਼ੁਦ ਨੂੰ ਉਨ੍ਹਾਂ ਦੇ ਸੂਬੇ ਨਾਲ ਕੀਤੇ ਅਨਿਆਂ ਤੋਂ ਮੁਕਤ ਨਹੀਂ ਕਰ ਸਕਦੀ ਜੋ ਉਸ ਨੇ ਗਣਤੰਤਰ ਦਿਵਸ ਮੌਕੇ ਇਸ ਮਹਾਨ ਸੁਤੰਤਰਤਾ ਸੰਗਰਾਮੀ ਦੀ ਝਾਕੀ ਰੱਦ ਕਰ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਝਾਕੀ ਰੱਦ ਕਰਨ ਲਈ ਕੋਈ ਕਾਰਨ ਵੀ ਨਹੀਂ ਦਿੱਤਾ ਗਿਆ ਸੀ। ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇਤਾਜੀ ਦੇ ਗਾਇਬ ਹੋਣ ਪਿੱਛੇ ਦਾ ਭੇਤ ਉਜਾਗਰ ਕਰਨ ਦਾ ਵਾਅਦਾ ਪੂਰਾ ਕਰਨ ’ਚ ਵੀ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ,‘ਤੁਸੀਂ ਇੱਕ ਬੁੱਤ ਸਥਾਪਤ ਕਰ ਕੇ ਨੇਤਾਜੀ ਲਈ ਆਪਣੇ ਪਿਆਰ ਦਾ ਦਾਅਵਾ ਨਹੀਂ ਕਰ ਸਕਦੇ, ਤੁਸੀਂ ਉਨ੍ਹਾਂ ਦੇ ਗਾਇਬ ਹੋਣ ਪਿੱਛੇ ਦਾ ਭੇਤ ਉਜਾਗਰ ਕਰਨ ਲਈ ਕੀ ਕੀਤਾ ਹੈ?’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨੇਤਾਜੀ ਨਾਲ ਸਬੰਧਤ ਸਾਰੀਆਂ ਫਾਈਲਾਂ ਸਰਕਾਰੀ ਪੱਧਰ ’ਤੇ ਡਿਜੀਟਲ ਢੰਗ ਨਾਲ ਮੁਹੱਈਆ ਕਰਵਾਈਆਂ ਹਨ।
ਉਨ੍ਹਾਂ ਕੇਂਦਰ ਵੱਲੋਂ ਅਮਰ ਜਵਾਨ ਜਯੋਤੀ ਨੂੰ ਕੌਮੀ ਜੰਗੀ ਯਾਦਗਾਰ ਦੀ ਲਾਟ ਨਾਲ ਮਿਲਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਯੋਜਨਾ ਕਮਿਸ਼ਨ ਭੰਗ ਕੀਤੇ ਜਾਣ ਲਈ ਵੀ ਮੋਦੀ ਸਰਕਾਰ ਦੀ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਸੰਘਵਾਦ ਦਾ ਸਿਧਾਂਤ ਨੇਤਾਜੀ, ਰਿਸ਼ੀ ਔਰਬਿੰਦੋ ਤੇ ਵਿਵੇਕਾਨੰਦ ਜਿਹੇ ਵਿਦਵਾਨਾਂ ਨੇ ਦਿੱਤਾ ਸੀ ਤੇ ਭਾਜਪਾ ਮੁਲਕ ਦੀ ਸੰਘੀ ਆਤਮਾ ਨੂੰ ਤਬਾਹ ਕਰ ਰਹੀ ਹੈ ਜਿਵੇਂ ਕਿ ਉਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦਾ ਇਤਿਹਾਸ ਬਦਲਣ ਤੇ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਨੇਤਾਜੀ ਦੇ ਜਨਮ ਹੋਣ ਦੇ ਸਮੇਂ ’ਤੇ ਸ਼ੰਖ ਵਜਾਇਆ ਜਦਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਇਰਨ ਵਜਾਏ ਗਏ। ਨੇਤਾਜੀ ਦੇ ਪੋਤ ਭਤੀਜੇ ਤੇ ਨਾਮੀਂ ਇਤਿਹਾਸਕਾਰ ਸੁਗਾਤਾ ਬੋਸ ਨੇ ਇਸ ਮੌਕੇ ਗੀਤ ‘ਸੁਭਾਸ਼ਜੀ ਸੁਭਾਸ਼ਜੀ ਗਾਇਆ। -ਪੀਟੀਆਈ
ਨੇਤਾਜੀ ਸੁਭਾਸ਼ ਚੰਦਰ ਨੂੰ ਸ਼ਰਧਾਂਜਲੀਆਂ ਭੇਟ
ਕੋਲਕਾਤਾ: ਮੁੱਖ ਮੰਤਰੀ ਮਮਤਾ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੂਬੇ ਵਿੱਚ ਇਹ ਦਿਨ ‘ਦੇਸ਼ ਨਾਇਕ ਦਿਵਸ’ ਵਜੋਂ ਮਨਾਇਆ ਜਾਇਆ ਕਰੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਨੇਤਾਜੀ ਦੇ ਜਨਮ ਦਿਹਾੜੇ ਦੇ ਦਿਨ ਨੂੰ ਕੌਮੀ ਛੁੱਟੀ ਐਲਾਨਣ ਦੀ ਮੰਗ ਵੀ ਕੀਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਕ੍ਰਾਂਤੀਕਾਰੀ ਆਗੂ ਦੀ ਯਾਦ ਵਿੱਚ ਜੈ ਹਿੰਦ ਯੂਨੀਵਰਸਿਟੀ 100 ਫ਼ੀਸਦੀ ਸੂਬਾਈ ਫੰਡਿਗ ਨਾਲ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਲਿਖਿਆ,‘ਨੇਤਾਜੀ ਦੇ 125ਵੇਂ ਜਨਮ ਦਿਹਾੜੇ ਮੌਕੇ ਕੌਮੀ ਨਾਇਕ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀਆਂ। ਬੰਗਾਲ ਨਾਲ ਸਬੰਧਤ ਕੌਮੀ ਤੇ ਵਿਸ਼ਵ ਆਗੂ ਨੇਤਾਜੀ ਦੇ ਬਰਾਬਰ ਦੀ ਮਿਸਾਲ ਭਾਰਤੀ ਇਤਿਹਾਸ ’ਚ ਹੋਰ ਕੋਈ ਨਹੀਂ ਮਿਲਦੀ।’ ਮਮਤਾ ਬੈਨਰਜੀ ਨੇ ਕਿਹਾ ਕਿ ਨੇਤਾਜੀ ਦੇ ਕੌਮੀ ਯੋਜਨਾ ਕਮਿਸ਼ਨ ਬਾਰੇ ਵਿਚਾਰਾਂ ਤੋਂ ਪ੍ਰੇਰਿਤ ਬੰਗਾਲ ਯੋਜਨਾ ਕਮਿਸ਼ਨ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਲਕਾਤਾ ਵਿੱਚ ਗਣਤੰਤਰ ਦਿਵਸ ਮੌਕੇ ਨੇਤਾਜੀ ਨਾਲ ਸਬੰਧਤ ਇੱਕ ਝਾਕੀ ਕੱਢੀ ਜਾਵੇਗੀ।’