ਨਵੀਂ ਦਿੱਲੀ, 22 ਅਗਸਤ
ਨਵੇਂ ਆਈਟੀ ਪੋਰਟਲ ਦੇ ਦੋ ਦਿਨ ਬੰਦ ਰਹਿਣ ਤੋਂ ਬਾਅਦ ਵਿੱਤ ਮੰਤਰਾਲੇ ਨੇ ਸੂਚਨਾ ਤਕਨੀਕ ਕੰਪਨੀ ਇਨਫੋਸਿਸ ਦੇ ਐਮਡੀ ਤੇ ਸੀਈਓ ਸਲਿਲ ਪਾਰੇਖ ਨੂੰ ‘ਤਲਬ’ ਕਰ ਲਿਆ ਹੈ। ਕੰਪਨੀ ਅਧਿਕਾਰੀ ਨੂੰ ਭਲਕੇ ਸੱਦਿਆ ਗਿਆ ਹੈ ਤੇ ਉਹ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਪੋਰਟਲ ਵਿਚ ਕਈ ਵਾਰ ਆਈ ਖ਼ਰਾਬੀ ਬਾਰੇ ਸਪੱਸ਼ਟੀਕਰਨ ਦੇਣਗੇ। ਜ਼ਿਕਰਯੋਗ ਹੈ ਕਿ ਇਸ ਨਵੇਂ ਪੋਰਟਲ ਨੂੰ ਲਾਂਚ ਕੀਤਿਆਂ ਅਜੇ ਦੋ ਮਹੀਨੇ ਤੋਂ ਥੋੜ੍ਹਾ ਹੀ ਸਮਾਂ ਵੱਧ ਹੋਇਆ ਹੈ। ਸੱਚ ਜੂਨ ਨੂੰ ਲਾਂਚ ਕੀਤੇ ਗਏ ਆਮਦਨ ਕਰ ਪੋਰਟਲ ਵਿਚ ਸ਼ੁਰੂ ਤੋਂ ਹੀ ਸਮੱਸਿਆ ਆ ਰਹੀ ਹੈ। ਵਰਤਣ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਚੀਜ਼ਾਂ ਪੋਰਟਲ ਉਤੇ ਉਪਲੱਬਧ ਨਹੀਂ ਹਨ ਤੇ ਕੁਝ ਹੌਲੀ ਚੱਲ ਰਹੀਆਂ ਹਨ। ਇਸ ਤੋਂ ਬਾਅਦ ਆਮਦਨ ਕਰ ਵਿਭਾਗ ਨੂੰ ਹੋਰ ਮਾਧਿਅਮ ਰਾਹੀਂ ਫਾਈਲਿੰਗ ਤੇ ਫਾਰਮ ਵਗੈਰਾ ਭਰਨੇ ਪਏ ਹਨ।
ਦੱਸਣਯੋਗ ਹੈ ਕਿ 22 ਜੂਨ ਨੂੰ ਸੀਤਾਰਾਮਨ ਨੇ ਕੰਪਨੀ ਅਧਿਕਾਰੀਆਂ ਦੀ ਇਕ ਮੀਟਿੰਗ ਸੱਦੀ ਸੀ ਤੇ ਪੋਰਟਲ ਨਾਲ ਜੁੜੀ ਸਮੱਸਿਆ ਬਾਰੇ ਜਾਣਕਾਰੀ ਲਈ ਸੀ। ਇਨਫੋਸਿਸ ਨੂੰ 2019 ਵਿਚ ਅਗਲੀ ਪੀੜ੍ਹੀ ਦਾ ਆਮਦਨ ਕਰ ਫਾਈਲਿੰਗ ਢਾਂਚਾ ਵਿਕਸਤ ਕਰਨ ਦਾ ਠੇਕਾ ਮਿਲਿਆ ਸੀ। ਇਨਫੋਸਿਸ ਨੇ ਇਕ ਟਵੀਟ ਵਿਚ ਕਿਹਾ ਕਿ ਆਮਦਨ ਕਰ ਪੋਰਟਲ ਨੂੰ ਠੀਕ ਕੀਤਾ ਜਾ ਰਿਹਾ ਹੈ। ਜਲਦੀ ਹੀ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। -ਪੀਟੀਆਈ
ਸੀਤਾਰਾਮਨ ਅੱਜ ਲਾਂਚ ਕਰਨਗੇ ਕੌਮੀ ਮੁਦਰੀਕਰਨ ਪਾਈਪਲਾਈਨ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕੌਮੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਭਲਕੇ ਜਾਂਚ ਕੀਤੀ ਜਾਵੇਗੀ। ਇਸ ਵਿਚ ਸਰਕਾਰ ਅਗਲੇ ਚਾਰ ਸਾਲਾਂ ਦੌਰਾਨ ਵੇਚੇ ਜਾਣ ਵਾਲੇ ਅਸਾਸਿਆਂ ਬਾਰੇ ਜਾਣਕਾਰੀ ਦੇਵੇਗੀ। ਕੇਂਦਰ ਸਰਕਾਰ ਛੇ ਲੱਖ ਕਰੋੜ ਰੁਪਏ ਮੁੱਲ ਦੇ ਅਸਾਸਿਆਂ ਬਾਰੇ ਅੰਤਿਮ ਫ਼ੈਸਲਾ ਜਲਦੀ ਲਏਗੀ ਜਿਨ੍ਹਾਂ ਦਾ ਮੁਦਰੀਕਰਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਜਟ ਭਾਸ਼ਣ ਵਿਚ ਵੀ ਐਨਐਮਪੀ ਦਾ ਜ਼ਿਕਰ ਕੀਤਾ ਗਿਆ ਸੀ। -ਪੀਟੀਆਈ