ਨਵੀਂ ਦਿੱਲੀ, 13 ਅਪਰੈਲ
ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਸੱਤ ਸਾਲ ਪੂਰੇ ਹੋਣ ਤੋਂ ਮਹੀਨਾ ਪਹਿਲਾਂ ਕਾਂਗਰਸ ਨੇ ਆਰਥਿਕ ਮੁੱਦਿਆਂ ’ਤੇ ਸਰਕਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਇਕ ਬਿਆਨ ਵਿਚ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਸੱਤ ਸਾਲ ਪੂਰੇ ਹੋਣ ਜਾ ਰਹੇ ਹਨ ਤੇ ਮਹਿੰਗਾਈ ਵੱਧ ਰਹੀ ਹੈ, ਉਦਯੋਗਿਕ ਉਤਪਾਦਨ ਘਟਿਆ ਹੈ, ਰੁਪਿਆ ਡਿੱਗ ਰਿਹਾ ਹੈ ਤੇ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਹੈ। ਉਨ੍ਹਾਂ ਕਿਹਾ ਕਿ ਟੈਕਸ ਲੋਕਾਂ ਨੂੰ ਦੱਬ ਰਹੇ ਹਨ, ਬੇਰੁਜ਼ਗਾਰੀ ਵਧ ਰਹੀ ਹੈ ਤੇ ਹੋਰ ਜ਼ਿਆਦਾ ਲੋਕ ਗਰੀਬੀ ਦੇ ਮਾਰ ਹੇਠ ਕਰਜ਼ੇ ਥੱਲੇ ਦੱਬੇ ਜਾ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਇਹ ਪੰਜ ਸਾਲਾਂ ਦੇ ਮਾੜੇ ਪ੍ਰਬੰਧਾਂ ਅਤੇ ਨਵੰਬਰ 2016 ਵਿਚ ਕੀਤੀ ਗਈ ਨੋਟਬੰਦੀ ਦਾ ਨਤੀਜਾ ਹੈ। ਚਿਦੰਬਰਮ ਨੇ ਕਿਹਾ ਕਿ ਨੋਟਬੰਦੀ ਤੋਂ ਲੈ ਕੇ ਹੁਣ ਤੱਕ ਸਰਕਾਰ ਦਾ ਹਰ ਕਦਮ ਗਲਤ ਹੀ ਰਿਹਾ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ‘ਮੋਦੀ ਕਦੇ ਆਲੋਚਨਾ ਸਵੀਕਾਰ ਨਹੀਂ ਕਰਦੇ, ਨਾ ਹੀ ਮਾਹਿਰ ਅਰਥਸ਼ਾਸਤਰੀਆਂ ਦੀ ਸਲਾਹ ਉਤੇ ਅਮਲ ਕਰਦੇ ਹਨ।’ ਦੱਸਣਯੋਗ ਹੈ ਕਿ ਭਾਰਤ ਵਿਚ ਪਰਚੂਨ ਮਹਿੰਗਾਈ ਦਰ (ਸੀਪੀਆਈ) ਫਰਵਰੀ ਵਿਚ 5.03 ਤੋਂ ਵਧ ਕੇ 5.52 ਫ਼ੀਸਦ ਹੋ ਗਈ ਹੈ। ਰੁਪਿਆ ਲਗਾਤਾਰ ਛੇਵੇਂ ਦਿਨ ਡਿਗ ਰਿਹਾ ਹੈ। -ਆਈਏਐਨਐੱਸ