ਨਵੀਂ ਦਿੱਲੀ: ਸਬਜ਼ੀ ਮਸਾਲੇ ਜਿਹੇ ਖੁਰਾਕੀ ਵਸਤਾਂ ਦੇ ਭਾਅ ਵਧਣ ਕਰਕੇ ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ ਵਿੱਚ ਵਧ ਕੇ ਸੱਤ ਫੀਸਦ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪਿਛਲੇ ਤਿੰਨ ਮਹੀਨਿਆਂ ਵਿੱਚ ਪ੍ਰਚੂਨ ਮਹਿੰਗਾਈ ਵਿੱਚ ਗਿਰਾਵਟ ਦਾ ਰੁਝਾਨ ਰੁਕ ਗਿਆ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਉੱਤੇ ਆਧਾਰਿਤ ਪ੍ਰਚੂਨ ਮਹਿੰਗਾਈ ਇਕ ਮਹੀਨਾ ਪਹਿਲਾਂ ਭਾਵ ਜੁਲਾਈ ਵਿੱਚ 6.71 ਫੀਸਦ ਸੀ। ਜੂਨ ਵਿੱਚ ਇਹ ਅੰਕੜਾ 5.3 ਫੀਸਦ ਸੀ। ਪਿਛਲੇ ਅੱਠ ਮਹੀਨਿਆਂ ਤੋਂ ਮਹਿੰਗਾਈ ਦਰ ਲਗਾਤਾਰ ਭਾਰਤੀ ਰਿਜ਼ਰਵ ਬੈਂਕ ਦੇ ਤਸੱਲੀਬਖ਼ਸ਼ ਪੱਧਰ ਤੋਂ ਉਪਰ ਬਣੀ ਹੋਈ ਹੈ। ਸਰਕਾਰ ਨੇ ਕੇਂਦਰੀ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ ਦੋ ਤੋਂ 6 ਫੀਸਦ ਦਰਮਿਆਨ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਆਰਬੀਆਈ ਮੁਦਰਾ ਨੀਤੀ ਬਾਰੇ ਫੈਸਲਾ ਲੈਣ ਮੌਕੇ ਮੁੱਖ ਰੂਪ ਵਿੱਚ ਪ੍ਰਚੂਨ ਮਹਿੰਗਾਈ ’ਤੇ ਗੌਰ ਕਰਦਾ ਹੈ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿਚ 7.62 ਫੀਸਦ ਰਹੀ, ਜੋ ਜੁਲਾਈ ਵਿੱਚ 6.69 ਫੀਸਦ ਸੀ। ਪਿਛਲੇ ਸਾਲ ਅਗਸਤ ਵਿੱਚ ਇਹ 3.11 ਫੀਸਦ ਸੀ। ਸਬਜ਼ੀ, ਮਸਾਲੇ, ਜੁੱਤੀਆਂ-ਚੱਪਲ ਤੇ ਈਂਧਣ ਅਤੇ ਬਿਜਲੀ ਸ਼੍ਰੇਣੀ ਵਿੱਚ ਕੀਮਤਾਂ ਵਿੱਚ ਸਾਲਾਨਾ ਆਧਾਰ ’ਤੇ 10 ਫੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ। ਹਾਲਾਂਕਿ ਆਂਡਿਆਂ ਦੇ ਮਾਮਲੇ ਵਿੱਚ ਮਹਿੰਗਾਈ ਵਿਚ ਨਿਘਾਰ ਆਇਆ ਹੈ ਜਦੋਂਕਿ ਮੀਟ-ਮੱਛੀ ਜਿਹੇ ਪ੍ਰੋਟੀਨ ਵਾਲੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਸਥਿਰ ਰਹੀਆਂ। ਮਹਿੰਗਾਈ ਦਰ ਇਸ ਸਾਲ ਅਪਰੈਲ ਵਿੱਚ 7.79 ਫੀਸਦ ਸੀ। ਹਾਲਾਂਕਿ ਬਾਅਦ ਵਿੱਚ ਇਸ ’ਚ ਕਮੀ ਆਈ ਤੇ ਜੁਲਾਈ ਵਿੱਚ 6.71 ਫੀਸਦ ਦੇ ਪੱਧਰ ’ਤੇ ਆ ਗਈ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਸੀਪੀਆਈ ਮਹਿੰਗਾਈ ਦਰ ਦੋ ਫੀਸਦ ਉਪਰ ਹੇਠਾਂ ਦੀ ਗੁੰਜਾਇਸ਼ ਨਾਲ 4 ਫੀਸਦ ’ਤੇ ਰੱਖਣ ਦਾ ਜ਼ਿੰਮਾ ਸੌਂਪਿਆ ਹੋਇਆ ਹੈ। -ਪੀਟੀਆਈ
ਸਨਅਤੀ ਉਤਪਾਦਨ ਦੀ ਵਿਕਾਸ ਦਰ ਵੀ ਹੇਠਲੇ ਪੱਧਰ ’ਤੇ
ਨਵੀਂ ਦਿੱਲੀ: ਭਾਰਤ ਦੇ ਸਨਅਤੀ ਉਤਪਾਦਨ ਦੀ ਵਿਕਾਸ ਦਰ ਜੁਲਾਈ ਮਹੀਨੇ ਘੱਟ ਕੇ 2.4 ਫੀਸਦ ਰਹੀ, ਜੋ ਪਿਛਲੇ ਚਾਰ ਮਹੀਨਿਆਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ। ਨਿਘਾਰ ਦਾ ਮੁੱਖ ਕਾਰਨ ਮੈਨੂਫੈਕਚਰਿੰਗ, ਪਾਵਰ ਤੇ ਖਣਨ ਸੈਕਟਰਾਂ ਵਿੱਚ ਮਾੜੀ ਕਾਰਗੁਜ਼ਾਰੀ ਹੈ। ਅੰਕੜਿਆਂ ਮੁਤਾਬਕ ਸਨਅਤੀ ਉਤਪਾਦਨ ਵਿਕਾਸ ਇਸ ਸਾਲ ਮਾਰਚ ਵਿੱਚ 2.2 ਫੀਸਦ ਦਰਜ ਕੀਤਾ ਗਿਆ ਸੀ। ਅਪਰੈਲ ਵਿੱਚ ਇਹ 6.7 ਫੀਸਦ ਜਦੋਂਕਿ ਮਈ ਤੇ ਜੂਨ ਵਿੱਚ ਕ੍ਰਮਵਾਰ 19.6 ਫੀਸਦ ਤੇ 12.7 ਫੀਸਦ ਸੀ। ਫੈਕਟਰੀ ਉਤਪਾਦਨ, ਜਿਸ ਨੂੰ ਸਨਅਤੀ ਉਤਪਾਦ ਦੇ ਸੂਚਕ ਅੰਕ (ਆਈਆਈਪ) ਦੇ ਆਧਾਰ ’ਤੇ ਮਾਪਿਆ ਜਾਂਦਾ ਹੈ, ਪਿਛਲੇ ਸਾਲ ਜੁਲਾਈ ’ਚ 11.5 ਫੀਸਦ ਸੀ। –ਪੀਟੀਆਈ
ਭਾਰਤੀ ਰੁਪਿਆ ਮੁੜ ਪੈਰਾਂ ਸਿਰ ਹੋਣ ਦੇ ਵਧੇਰੇ ਸਮਰੱਥ: ਗੋਇਲ
ਲਾਸ ਏਂਜਲਸ: ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਹਾਲੀਆ ਸਾਲਾਂ ਦੌਰਾਨ ਹੋਰਨਾਂ ਕਰੰਸੀਆਂ ਦੇ ਮੁਕਾਬਲੇ ਭਾਰਤੀ ਰੁਪਏ ਨੇ ਮੁੜ ਪੈਰਾਂ ਸਿਰ ਹੋਣ ਦੀ ਵਧੇਰੇ ਸਮਰੱਥਾ ਵਿਖਾਈ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਅੱਜ 79.67 ਰੁਪਏ ਸੀ। ਗੋਇਲ ਇਥੇ ਪੱਤਰਕਾਰਾਂ ਦੇ ਰੂਬਰੂ ਹੋਣ ਮੌਕੇ ਬੋਲ ਰਹੇ ਸਨ। -ਪੀਟੀਆਈ