ਨਵੀਂ ਦਿੱਲੀ, 20 ਮਈ
ਕਾਂਗਰਸੀ ਨੇਤਾ ਪੀ. ਚਿਦੰਬਰਮ ਨੇ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਮੱਧਵਰਗ ਦੀ ਦੁਰਦਸ਼ਾ ਨੂੰ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੱਧਵਰਗ ਦੀ ਇਹ ਹਾਲਤ ਹੈ ਤਾਂ ਗਰੀਬ ਪਰਿਵਾਰਾਂ ਦੀ ‘ਡਰਾਉਣੀ ਪੀੜ’ ਬਾਰੇ ਕਲਪਨਾ ਕਰਕੇ ਦੇਖੋ। ਸਾਬਕਾ ਵਿੱਤ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਵਧਦੀਆਂ ਕੀਮਤਾਂ ਦੇ ਇਨ੍ਹਾਂ ਦਿਨਾਂ ਵਿੱਚ ਮੱਧਵਰਗ ਦੇ ਪਰਿਵਾਰਾਂ ਦੀ ਦੁਰਦਸ਼ਾ ਵੱਲ ਦੇਖੋ। ਚਿਦੰਬਰਮ ਨੇ ਕਿਹਾ, ‘‘ਇੱਕ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਫਲ, ਸਬਜ਼ੀਆਂ ਅਤੇ ਦੁੱਧ ਦੀ ਮਾਤਰਾ ਘਟਾ ਦਿੱਤੀ ਹੈ। ਹੁਣ ਉਹ ਕੱਪੜੇ, ਜੁੱਤੀਆਂ ਉਦੋਂ ਤੱਕ ਨਹੀਂ ਖਰੀਦਦੇ ਜਦੋਂ ਤੱਕ ਕੋਈ ਖਾਸ ਮੌਕਾ ਨਾ ਹੋਵੇ। ਘਰੇਲੂ ਔਰਤਾਂ ਖਾਣਾ ਪਕਾਉਣ ਤੋਂ ਪਹਿਲਾਂ ਦੋ ਵਾਰ ਸੋਚਦੀਆਂ ਹਨ ਕਿ ਕੀ ਬਣਾਉਣਾ ਹੈ। ਉਹ ਹੁਣ ਸ਼ਹਿਰ ਤੋਂ ਬਾਹਰ ਨਹੀਂ ਘੁੰਮਦੇ ਅਤੇ ਨਾ ਹੀ ਬਾਹਰ ਖਾਣਾ ਖਾਂਦੇ ਹਨ।’’ ਸਾਬਕਾ ਮੰਤਰੀ ਨੇ ਕਿਹਾ ਕਿ ਸੀਐੱਨਜੀ ਕਾਰ ਚਲਾਉਣਾ ਵੀ ਹੁਣ ਮਹਿੰਗਾ ਹੋ ਗਿਆ ਹੈ। -ਪੀਟੀਆਈ