ਨਵੀਂ ਦਿੱਲੀ, 7 ਸਤੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਸਰਕਾਰ ਦੀ ਤਰਜੀਹ ਹੁਣ ਮੁਲਕ ਦੀ ਆਰਥਿਕ ਤਰੱਕੀ ਹੈ, ਕਿਉਂਕਿ ਮਹਿੰਗਾਈ ਘਟ ਗਈ ਹੈ ਤੇ ਇਸ ਨਾਲ ਹੁਣ ਨਜਿੱਠਿਆ ਜਾ ਸਕਦਾ ਹੈ। ਇੱਥੇ ਇਕ ਸੰਮੇਲਨ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਪੈਦਾ ਕਰਨ ਤੇ ਧਨ ਦੀ ਬਰਾਬਰ ਵੰਡ ਅਜਿਹੇ ਖੇਤਰ ਹਨ ਜਿਨ੍ਹਾਂ ’ਤੇ ਸਰਕਾਰ ਦਾ ਧਿਆਨ ਕੇਂਦਰਤ ਹੈ। ਉਨ੍ਹਾਂ ਕਿਹਾ, ‘ਮਹਿੰਗਾਈ ਹੁਣ ਤਰਜੀਹੀ ਮੁੱਦਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਗੱਲ ਤੋਂ ਹੈਰਾਨੀ ਨਹੀਂ ਹੋਵੇਗੀ। ਪਿਛਲੇ ਕੁਝ ਮਹੀਨਿਆਂ ਵਿਚ ਅਸੀਂ ਇਸ ਨੂੰ ਉਸ ਪੱਧਰ ਉਤੇ ਲੈ ਆਏ ਹਾਂ ਜਿੱਥੇ ਇਸ ਨਾਲ ਨਜਿੱਠਿਆ ਜਾ ਸਕਦਾ ਹੈ।’ ਅਧਿਕਾਰਤ ਅੰਕੜਿਆਂ ਮੁਤਾਬਕ ਜੁਲਾਈ ਵਿਚ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਨਰਮੀ ਨਾਲ ਮਹਿੰਗਾਈ ਘੱਟ ਕੇ 6.71 ਫੀਸਦ ਉਤੇ ਆ ਗਈ ਹੈ। ਹਾਲਾਂਕਿ ਇਹ ਆਰਬੀਆਈ ਵੱਲੋਂ ਤੈਅ ਪੱਧਰ ਦੀ ਹੱਦ 6 ਪ੍ਰਤੀਸ਼ਤ ਤੋਂ ਲਗਾਤਾਰ ਸੱਤਵੇਂ ਮਹੀਨੇ ਉਪਰ ਬਣੀ ਹੋਈ ਹੈ। ਜੂਨ 2022 ਵਿਚ ਖ਼ਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਪ੍ਰਚੂਨ ਮਹਿੰਗਾਈ ਦਰ 7.01 ਪ੍ਰਤੀਸ਼ਤ ਸੀ ਜਦਕਿ ਜੁਲਾਈ 2021 ਵਿਚ ਇਹ 5.59 ਪ੍ਰਤੀਸ਼ਤ ਸੀ। ਵਿੱਤ ਮੰਤਰੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਅਮਰੀਕਾ ਦੇ ਫੈਡਰਲ ਰਿਜ਼ਰਵ ਤੇ ਯੂਰਪੀਅਨ ਸੈਂਟਰਲ ਬੈਂਕ ਵੱਲੋਂ ਦਰਾਂ ਵਿਚ ਕੀਤੇ ਤੇਜ਼ ਵਾਧੇ ਤੋਂ ਪੈਦਾ ਅਸਥਿਰਤਾ ਨਾਲ ਆਰਬੀਆਈ ਨਜਿੱਠ ਲਏਗਾ। ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਉਪਲਬਧਤਾ ਬਾਰੇ ਬੇਯਕੀਨੀ ਬਣੀ ਹੋਈ ਹੈ। -ਪੀਟੀਆਈ
ਭਾਰਤ-ਅਮਰੀਕਾ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ: ਜੈਸ਼ੰਕਰ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਯੂਐੱਸ-ਇੰਡੀਆ ਬਿਜ਼ਨਸ ਕੌਂਸਲ ਵੱਲੋਂ ਇਥੇ ਇੰਡੀਆ ਆਇਡੀਆਜ਼ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਬੁਨਿਆਦੀ ਢਾਂਚੇ, ਡਿਜੀਟਲ ਅਰਥਚਾਰੇ, ਸਿੱਖਿਆ, ਸਿਹਤ, ਸਟਾਰਟ ਅੱਪਸ, ਡਰੋਨ, ਗਰੀਨ ਹਾਈਡਰੋਜਨ ਤੇ ਨਿਵੇਕਲੇ ਭਾਰਤ ਲਈ ਨਵੀਆਂ ਭਾਈਵਾਲੀਆਂ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੱਖਿਆ ਅਤੇ ਸੁਰੱਖਿਆ ਤੋਂ ਲੈ ਕੇ ਸਮਾਜਿਕ ਤੇ ਕਾਰੋਬਾਰ ਦੇ ਮਾਮਲਿਆਂ ’ਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਲਗਾਤਾਰ ਵਿਸਥਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਫਾਇਦੇ ਲਈ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣੇ ਚਾਹੀਦੇ ਹਨ। -ਪੀਟੀਆਈ