ਨਵੀਂ ਦਿੱਲੀ, 29 ਸਤੰਬਰ
ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਸਨਅਤ ਨੂੰ ਬਰਾਮਦ ਵਧਾਉਣ ਲਈ ਛੋਟੀਆਂ ਸਬਸਿਡੀਆਂ ਜਾਂ ਭੱਤਿਆਂ ’ਤੇ ਨਿਰਭਰ ਰਹਿਣ ਦੀ ਥਾਂ ਮੁਕਾਬਲੇਬਾਜ਼ੀ ’ਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਨਅਤ ਨੂੰ ਆਲਮੀ ਬਾਜ਼ਾਰ ’ਚ ਆਪਣੀ ਪਛਾਣ ਬਣਾਉਣ ਲਈ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਤੇ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਬਰਾਮਦ ਦੇ ਵੱਡੇ ਟੀਚੇ ਛੋਟੀਆਂ ਸਬਸਿਡੀਆਂ ਤੇ ਭੱਤਿਆਂ ਦੀ ਮਦਦ ਕਾਰਨ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਇਹ (ਸਬਸਿਡੀ) ਕੁਝ ਸੇਵਾਵਾਂ ਦੇਣ ਵਾਲੇ ਸੈਕਟਰਾਂ ਤੇ ਸਰਕਾਰ ਦਰਮਿਆਨ ਵਿਵਾਦ ਦੀ ਜੜ੍ਹ ਰਿਹਾ ਹੈ।’ ਉਹ ਇੱਥੇ ਸਰਵਿਸਿਜ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਵੱਲੋਂ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਖੇਤਰ ਵੱਲੋਂ ਭਾਰਤ ਵੱਲੋਂ ਸੇਵਾਵਾਂ ਬਰਾਮਦ ਯੋਜਨਾ ਮੁੜ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਨੇ ਇਹ ਯੋਜਨਾ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਹਾ, ‘2-2 ਰੁਪਏ ਮੰਗਣ ਵਾਲੀ ਮਾਨਸਿਕਤਾ ਕਦੋਂ ਖਤਮ ਹੋਵੇਗੀ।’ -ਪੀਟੀਆਈ
‘ਭਾਰਤ ਆਲਮੀ ਅਰਥਚਾਰੇ ਦਾ ਥੰਮ੍ਹ’
ਕੋਲਕਾਤਾ: ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਬੰਗਾਲ ਚੈਂਬਰ ਦੀ ਸਾਲਾਨਾ ਆਮ ਮੀਟਿੰਗ ਨੂੰ ਆਨਲਾਈਨ ਸੰਬੋਧਨ ਕਰਦਿਆ ਕਿਹਾ ਕਿ ਲਗਾਤਾਰ ਸਥਿਰ ਵਿਕਾਸ ਨਾਲ ਭਾਰਤ ਆਲਮੀ ਆਰਥਿਕਤਾ ਦਾ ਥੰਮ੍ਹ ਬਣੇਗਾ ਅਤੇ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਉੱਭਰ ਰਹੀ ਆਰਥਿਕਤਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਰਥਚਾਰੇ ਦੀਆਂ ਸਾਰੀਆਂ ਧਿਰਾਂ ਮਿਲ ਕੇ ਕੰਮ ਕਰਨ ਤਾਂ ਭਾਰਤ ਨੂੰ 2047 ਤੱਕ 30 ਖਰਬ ਡਾਲਰ ਦੀ ਆਰਥਿਕਤਾ ਬਣਾਉਣ ਦਾ ਕੌਮੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ।