ਨਵੀਂ ਦਿੱਲੀ, 20 ਨਵੰਬਰ
ਕੇਂਦਰ ਸਰਕਾਰ ਦੇ ਸਾਲਾਨਾ ਸਵੱਛਤਾ ਸਰਵੇਖਣ ਵਿੱਚ ਇੰਦੌਰ ਨੂੰ ਲਗਾਤਾਰ 5ਵੇਂ ਸਾਲ ‘ਸਭ ਤੋਂ ਸਾਫ਼ ਸ਼ਹਿਰ’ ਐਲਾਨਿਆ ਗਿਆ ਹੈ ਜਦਕਿ ਸੂਬਿਆਂ ਦੇ ਵਰਗ ਵਿੱਚ ਛੱਤੀਸਗੜ੍ਹ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ‘ਸਵੱਛ ਸਰਵੇਖਣ ਐਵਾਰਡ 2021’ ਵਿੱਚ ‘ਸਭ ਤੋਂ ਸਾਫ਼ ਸ਼ਹਿਰ’ ਵਰਗ ਵਿੱਚ ਸੂਰਤ ਅਤੇ ਵਿਜੈਵਾੜਾ ਨੂੰ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਮਿਲਿਆ ਹੈ। ‘ਸਵੱਛ ਗੰਗਾ ਸ਼ਹਿਰ’ ਵਰਗ ਵਿੱਚ ਵਾਰਣਸੀ ਨੂੰ ਪਹਿਲਾ ਜਦਕਿ ਬਿਹਾਰ ਦੇ ਮੁੰਗੇਰ ਨੂੰ ਦੂਜਾ ਅਤੇ ਪਟਨਾ ਨੂੰ ਤੀਜਾ ਸਥਾਨ ਮਿਲਿਆ ਹੈ। ਵਾਰਾਣਸੀ ਇਸ ਵਰਗ ਵਿੱਚ ਪਿਛਲੇ ਵਰ੍ਹੇ ਵੀ ਪਹਿਲੇ ਸਥਾਨ ’ਤੇ ਰਿਹਾ ਸੀ। ਕੇਂਦਰੀ ਆਵਾਸ ਤੇ ਸ਼ਹਿਰੀ ਮੰਤਰਾਲੇ ਵੱਲੋਂ ਐਲਾਨੇ ਸਰਵੇਖਣ ਮੁਤਾਬਕ ਹਾਲਾਂਕਿ ਇੰਦੌਰ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ ਪਰ ਨਵੀਂ ਮੁੰਬਈ ਤੀਜੇ ਸਥਾਨ ਤੋਂ ਖਿਸਕ ਕੇ ਚੌਥੇ ਸਥਾਨ ’ਤੇ ਚਲੀ ਗਈ ਹੈ। ਵਿਜੈਵਾੜਾ ਨੂੰ ਤੀਜਾ ਸਥਾਨ ਮਿਲਿਆ ਹੈ। ਮੰਤਰਾਲੇ ਮੁਤਾਬਕ ਮਹਾਰਸ਼ਟਰ ਨੇ (ਸੂਬਿਆਂ ਵਿੱਚੋਂ) ਸਭ ਤੋਂ ਵੱਧ ਕੁੱਲ 92 ਐਵਾਰਡ ਹਾਸਲ ਕੀਤੇ ਜਦਕਿ ਇਸ ਤੋਂ ਬਾਅਦ ਛੱਤੀਸਗੜ੍ਹ ਨੂੰ 67 ਐਵਾਰਡ ਪ੍ਰਾਪਤ ਹੋਏ ਹਨ। -ਪੀਟੀਆਈ
ਰਾਸ਼ਟਰਪਤੀ ਨੇ ਜੇਤੂਆਂ ਨੂੰ ਐਵਾਰਡ ਪ੍ਰਦਾਨ ਕੀਤੇ
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਅੱਜ ਜੇਤੂਆਂ ਨੂੰ ਐਵਾਰਡ ਪ੍ਰਦਾਨ ਕੀਤੇ ਗਏ। ਸ੍ਰੀ ਕੋਵਿੰਦ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਵੱਛਤਾ ਸਭ ਤੋਂ ਮੁੱਢਲੀ ਪਹਿਲ ਹੋਣੀ ਚਾਹੀਦੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ ਤਹਿਤ ਅੱਗੇ ਵਧਾਇਆ ਹੈ। ਇਸ ਮੌਕੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।