ਨਵੀਂ ਦਿੱਲੀ, 31 ਮਈ
ਭਾਰਤ ਤੇ ਪਾਕਿਸਤਾਨ ਨੇ 30-31 ਮਈ ਨੂੰ ਸਿੰਧੂ ਕਮਿਸ਼ਨ ਦੀ ਰੂਪ-ਰੇਖਾ ਤਹਿਤ ਵੱਖ-ਵੱਖ ਮੁੱਦਿਆਂ ਉਤੇ ਚਰਚਾ ਕੀਤੀ ਤੇ ਸਬੰਧਤ ਵਿਸ਼ਿਆਂ ਦਾ ਹੱਲ ਸਿੰਧੂ ਜਲ ਸੰਧੀ ਰਾਹੀਂ ਦੁਵੱਲੀ ਗੱਲਬਾਤ ਜ਼ਰੀਏ ਕੱਢਣ ਪ੍ਰਤੀ ਵਚਨਬੱਧਤਾ ਜ਼ਾਹਿਰ ਕੀਤੀ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਠਕ ਵਿਚ ਅੱਜ ਦੋਵਾਂ ਧਿਰਾਂ ਨੇ ਮਾਰਚ 2022 ’ਚ ਸਮਾਪਤ ਹੋਣ ਵਾਲੇ ਵਿੱਤੀ ਵਰ੍ਹੇ ਲਈ ਸਥਾਈ ਸਿੰਧੂ ਕਮਿਸ਼ਨ ਦੀ ਸਾਲਾਨਾ ਰਿਪੋਰਟ ਨੂੰ ਆਖ਼ਰੀ ਰੂਪ ਦਿੱਤਾ ਤੇ ਇਸ ਉਤੇ ਹਸਤਾਖ਼ਰ ਕੀਤੇ। ਬਿਆਨ ਵਿਚ ਕਿਹਾ ਗਿਆ ਹੈ ਕਿ ਬੈਠਕ ਕਾਫ਼ੀ ਸਕਾਰਾਤਮਕ ਮਾਹੌਲ ਵਿਚ ਹੋਈ। ਅਗਲੀ ਬੈਠਕ ਦੋਵਾਂ ਧਿਰਾਂ ਦੀ ਸਹੂਲਤ ਮੁਤਾਬਕ ਸਹਿਮਤ ਤਰੀਕ ਨੂੰ ਪਾਕਿਸਤਾਨ ਵਿਚ ਰੱਖਣ ਦੀ ਸਹਿਮਤੀ ਬਣੀ। -ਪੀਟੀਆਈ