ਸੰਯੁਕਤ ਰਾਸ਼ਟਰ, 10 ਦਸੰਬਰ
ਭਾਰਤ ਨੇ ਕਿਹਾ ਹੈ ਕਿ ਉਸ ਦੀ ਹਿੰਦ-ਪ੍ਰਸ਼ਾਂਤ ਦੀ ਧਾਰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ, ਆਪਸੀ ਸਹਿਯੋਗ ਅਤੇ ਸਾਂਝ ’ਤੇ ਆਧਾਰਿਤ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਸਥਾਈ ਮਿਸ਼ਨ ਦੇ ਪ੍ਰਥਮ ਸਕੱਤਰ ਅਤੇ ਕਾਨੂੰਨੀ ਸਲਾਹਕਾਰ ਯੇਡਲਾ ਉਮਾਸ਼ੰਕਰ ਨੇ ਕਿਹਾ ਕਿ ਭਾਰਤ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਦਾ ਸੱਦਾ ਦਿੰਦਾ ਹੈ ਅਤੇ ਸਾਰੇ ਮੁਲਕਾਂ ਨੂੰ ਇਕ ਦੂਜੇ ਦੀ ਖੁਦਮੁਖਤਿਆਰੀ ਅਤੇ ਪ੍ਰਦੇਸ਼ਕ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਕਾਂ ਨੂੰ ਕੌਮਾਂਤਰੀ ਨੇਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਿਆਂ ਸਾਰੇ ਵਿਵਾਦਾਂ ਦਾ ਸ਼ਾਂਤਮਈ ਢੰਗ ਨਾਲ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ’ਚ ‘ਮਹਾਸਾਗਰ ਅਤੇ ਸਮੁੰਦਰਾਂ ਦੇ ਕਾਨੂੰਨ’ ਬਾਰੇ ਚਰਚਾ ’ਚ ਬੋਲਦਿਆਂ ਉਮਾਸ਼ੰਕਰ ਨੇ ਕਿਹਾ,‘‘ਅਸੀਂ ਆਪਣੇ ਸਮੁੰਦਰ ਵਿਵਾਦ ਦੇ ਜ਼ੋਨ ਬਣਨ ਦੀ ਇਜਾਜ਼ਤ ਨਹੀਂ ਦੇ ਸਕਦੇ। -ਪੀਟੀਆਈ