ਨਵੀਂ ਦਿੱਲੀ, 10 ਅਕਤੂਬਰ
ਭਾਰਤ ਤੇ ਚੀਨ ਦਰਮਿਆਨ ਅੱਜ 13ਵੇਂ ਗੇੜ ਦੀ ਫ਼ੌਜੀ ਵਾਰਤਾ ਹੋਈ ਜੋ ਕਿ ਪੂਰਬੀ ਲੱਦਾਖ ਦੇ ਬਾਕੀ ਰਹਿੰਦੇ ਖੇਤਰਾਂ ’ਚੋਂ ਸਰਹੱਦ ਤੋਂ ਵਾਧੂ ਫ਼ੌਜ ਸੱਦਣ ਉਤੇ ਕੇਂਦਰਿਤ ਰਹੀ। ਵਾਰਤਾ ਦੌਰਾਨ ਐਲਏਸੀ ਨੇੜਿਓਂ ਫ਼ੌਜ ਸੱਦਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਮੁੱਦਾ ਉੱਭਰਿਆ। ਫ਼ੌਜੀ ਵਾਰਤਾ ਵਿਚ ਦੇਪਸਾਂਗ, ਹੌਟ ਸਪਰਿੰਗਜ਼, ਗੋਗਰਾ ਤੇ ਡੈਮਚੋਕ ਖੇਤਰਾਂ ਦੇ ਵਿਵਾਦ ਦਾ ਹੱਲ ਜਲਦੀ ਕੱਢਣ ਉਤੇ ਵੀ ਜ਼ੋਰ ਪਾਇਆ ਗਿਆ। ਸਰਕਾਰੀ ਸੂਤਰਾਂ ਮੁਤਾਬਕ ਗੱਲਬਾਤ ਚੀਨ ਵਾਲੇ ਪਾਸੇ ਮੋਲਡੋ ਬਾਰਡਰ ਚੌਕੀ ਉਤੇ 10.30 ਵਜੇ ਸ਼ੁਰੂ ਹੋਈ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਕਰੀਬ ਸਾਢੇ ਅੱਠ ਘੰਟੇ ਚੱਲੀ। ਇਹ ਸਵੇਰੇ 10.30 ਸ਼ੁਰੂ ਹੋ ਕੇ ਰਾਤ ਸੱਤ ਵਜੇ ਖ਼ਤਮ ਹੋਈ। ਵੇਰਵਿਆਂ ਮੁਤਾਬਕ ਕੋਰ ਕਮਾਂਡਰ ਪੱਧਰ ਦੀ ਵਾਰਤਾ ਦਾ ਕੇਂਦਰ ਅੱਜ ਪੈਟਰੋਲਿੰਗ ਪੁਆਂਇੰਟ 15 (ਪੀਪੀ-15) ਰਿਹਾ। ਇੱਥੋਂ ਫ਼ੌਜ ਦੀ ਰੁਕੀ ਹੋਈ ਵਾਪਸੀ ਬਹਾਲ ਕਰਨ ’ਤੇ ਜ਼ੋਰ ਪਾਇਆ ਗਿਆ। ਅਧਿਕਾਰਤ ਤੌਰ ’ਤੇ ਵਾਰਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਨੇ ਤਿੰਨ ਹਫ਼ਤੇ ਪਹਿਲਾਂ ਮੁਲਾਕਾਤ ਕੀਤੀ ਸੀ। ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨੂੰ ਸੁਨੇਹਾ ਦਿੱਤਾ ਸੀ ਕਿ ਦੋਵਾਂ ਧਿਰਾਂ ਨੂੰ ਪੂਰਬੀ ਲੱਦਾਖ ਵਿਚ ਬਕਾਇਆ ਵਿਵਾਦਤ ਮੁੱਦਿਆਂ ਦੇ ਹੱਲ ਲਈ ਕੰਮ ਕਰਨਾ ਚਾਹੀਦਾ ਹੈ। ਦੋਵੇਂ 16 ਸਤੰਬਰ ਨੂੰ ਐੱਸਸੀਓ ਸਿਖ਼ਰ ਸੰਮੇਲਨ ਦੌਰਾਨ ਦੁਸ਼ਾਂਬੇ ਵਿਚ ਮਿਲੇ ਸਨ। ਇਸ ਤੋਂ ਪਹਿਲਾਂ 12ਵੇਂ ਗੇੜ ਦੀ ਗੱਲਬਾਤ 31 ਜੁਲਾਈ ਨੂੰ ਹੋਈ ਸੀ। ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ ਗੋਗਰਾ ਤੋਂ ਫ਼ੌਜਾਂ ਸੱਦੀਆਂ ਸਨ। ਇਸ ਕਦਮ ਨੂੰ ਇਲਾਕੇ ਵਿਚ ਸ਼ਾਂਤੀ-ਸਥਿਰਤਾ ਕਾਇਮ ਕਰਨ ਦੇ ਯਤਨ ਵਜੋਂ ਦੇਖਿਆ ਗਿਆ ਸੀ। 13ਵੇਂ ਗੇੜ ਦੀ ਗੱਲਬਾਤ ਹਾਲ ਹੀ ਵਿਚ ਵਾਪਰੀਆਂ ਦੋ ਘਟਨਾਵਾਂ ਤੋਂ ਬਾਅਦ ਹੋ ਰਹੀ ਹੈ। ਚੀਨ ਦੀ ਫ਼ੌਜ ਨੇ ਉਤਰਾਖੰਡ ਦੇ ਬਰਹੋਟੀ ਸੈਕਟਰ ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਭੜਕਾਹਟ ਪੈਦਾ ਕਰਨ ਦਾ ਯਤਨ ਕੀਤਾ ਸੀ। ਪਿਛਲੇ ਹਫ਼ਤੇ ਭਾਰਤ ਤੇ ਚੀਨ ਦੀ ਫ਼ੌਜ ਵਿਚਾਲੇ ਤਵਾਂਗ ਸੈਕਟਰ ਵਿਚ ਹੀ ਸੰਖੇਪ ਟਕਰਾਅ ਹੋਇਆ ਸੀ। ਹਾਲਾਂਕਿ ਦੋਵਾਂ ਧਿਰਾਂ ਦੇ ਕਮਾਂਡਰਾਂ ਦੀ ਗੱਲਬਾਤ ਤੋਂ ਬਾਅਦ ਇਸ ਨੂੰ ਜਲਦੀ ਹੱਲ ਕਰ ਲਿਆ ਗਿਆ। ਪਿਛਲੇ ਮਹੀਨੇ ਚੀਨੀ ਫ਼ੌਜ ਪੀਐਲਏ ਦੇ ਕਰੀਬ 100 ਸੈਨਿਕਾਂ ਨੇ ਬਰਹੋਟੀ ਵਿਚ ਸਰਹੱਦ ਉਲੰਘੀ ਸੀ। 30 ਅਗਸਤ ਨੂੰ ਚੀਨੀ ਸੈਨਿਕ ਇਲਾਕੇ ਵਿਚ ਕੁਝ ਸਮਾਂ ਬਿਤਾ ਕੇ ਵਾਪਸ ਚਲੇ ਗਏ ਸਨ। ਅੱਜ ਗੱਲਬਾਤ ਕਰਨ ਵਾਲੇ ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਕੀਤੀ ਜੋ ਕਿ ਲੇਹ ਅਧਾਰਿਤ 14 ਕੋਰ ਦੇ ਕਮਾਂਡਰ ਹਨ। ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਕਿਹਾ ਸੀ ਕਿ ਪੂਰਬੀ ਲੱਦਾਖ ਵਿਚ ਚੀਨ ਵੱਲੋਂ ਖੜ੍ਹਾ ਕੀਤਾ ਫ਼ੌਜੀ ਢਾਂਚਾ ਵੱਡੀ ਤਾਇਨਾਤੀ ਨੂੰ ਸੰਭਾਲਣ ਦੇ ਸਮਰੱਥ ਹੈ ਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਜੇ ਚੀਨੀ ਫ਼ੌਜ ਤਾਇਨਾਤੀ ਲਗਾਤਾਰ ਦੂਜੀਆਂ ਸਰਦੀਆਂ ਵਿਚ ਵੀ ਬਣਾ ਕੇ ਰੱਖਦੀ ਹੈ ਤਾਂ ਇੱਥੇ ਵੀ ਐਲਓਸੀ (ਲਾਈਨ ਆਫ ਕੰਟਰੋਲ) ਵਰਗੀ ਸਥਿਤੀ ਬਣ ਜਾਵੇਗੀ ਜਦਕਿ ਇਹ ਸਰਗਰਮ ਕੰਟਰੋਲ ਰੇਖਾ (ਐਲਓਸੀ) ਨਹੀਂ ਹੈ ਜਿਵੇਂ ਕਿ ਪਾਕਿਸਤਾਨ ਨਾਲ ਪੱਛਮੀ ਫਰੰਟ ਉਤੇ ਹੈ। ਜਨਰਲ ਨੇ ਨਾਲ ਹੀ ਕਿਹਾ ਸੀ ਕਿ ਜੇ ਚੀਨ ਤਾਇਨਾਤੀ ਬਰਕਰਾਰ ਰੱਖਦਾ ਹੈ ਤਾਂ ਭਾਰਤ ਵੀ ਆਪਣੇ ਵਾਲੇ ਪਾਸੇ ਮਜ਼ਬੂਤੀ ਨਾਲ ਡਟਿਆ ਰਹੇਗਾ। ਉਨ੍ਹਾਂ ਕਿਹਾ ਸੀ ਕਿ ਭਾਰਤੀ ਫ਼ੌਜ ਦੀ ਤਿਆਰੀ ਪੀਐਲਏ ਦੇ ਬਰਾਬਰ ਹੀ ਚੰਗੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਟਕਰਾਅ ਉਦੋਂ ਵਧਿਆ ਸੀ ਜਦ ਪਿਛਲੇ ਸਾਲ 5 ਮਈ ਨੂੰ ਪੈਂਗੌਂਗ ਖੇਤਰ ਵਿਚ ਸੈਨਿਕਾਂ ਦਾ ਹਿੰਸਕ ਟਕਰਾਅ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਮੁਲਕਾਂ ਨੇ ਹਜ਼ਾਰਾਂ ਸੈਨਿਕਾਂ ਨੂੰ ਇਸ ਕਠੋਰ ਇਲਾਕੇ ਵਿਚ ਤਾਇਨਾਤ ਕਰ ਦਿੱਤਾ ਸੀ। ਲੜੀਵਾਰ ਹੋਈ ਫ਼ੌਜੀ ਤੇ ਕੂਟਨੀਤਕ ਗੱਲਬਾਤ ਤੋਂ ਬਾਅਦ ਗੋਗਰਾ ਤੇ ਪੈਂਗੌਂਗ ਝੀਲ ਦੇ ਕਿਨਾਰਿਆਂ ’ਤੇ ਫ਼ੌਜ ਦੀ ਤਾਇਨਾਤੀ ਘਟਾਈ ਗਈ ਸੀ। ਸੰਵੇਦਨਸ਼ੀਲ ਸੈਕਟਰ ਵਿਚ ਹਾਲੇ ਵੀ ਦੋਵਾਂ ਮੁਲਕਾਂ ਨੇ 50-60 ਹਜ਼ਾਰ ਫ਼ੌਜੀ ਤਾਇਨਾਤ ਕੀਤੇ ਹੋਏ ਹਨ। -ਪੀਟੀਆਈ