ਨਵੀਂ ਦਿੱਲੀ, 30 ਜੁਲਾਈ
ਭਾਰਤ ਤੇ ਚੀਨ ਦਰਮਿਆਨ ਭਲਕੇ ਕੋਰ ਕਮਾਂਡਰ ਪੱਧਰ ’ਤੇ 12ਵੇਂ ਗੇੜ ਦੀ ਗੱਲਬਾਤ ਹੋਵੇਗੀ। ਫ਼ੌਜੀ ਕਮਾਂਡਰ ਪੱਧਰ ਦੀ ਵਾਰਤਾ ਐਲਏਸੀ ਦੇ ਚੀਨ ਵਾਲੇ ਪਾਸੇ ਮੋਲਡੋ ’ਚ ਹੋਵੇਗੀ। ਇਸ ਬੈਠਕ ਵਿਚ ਲੱਦਾਖ ’ਚੋਂ ਫ਼ੌਜਾਂ ਨੂੰ ਵਿਵਾਦਤ ਖੇਤਰਾਂ ਤੋਂ ਵਾਪਸ ਸੱਦਣ ਦੇ ਅਗਲੇ ਕਦਮਾਂ ਬਾਰੇ ਗੱਲਬਾਤ ਹੋਵੇਗੀ। ਫ਼ੌਜੀ ਕਮਾਂਡਰ ਸਮਝੌਤੇ ਵਿਚਲੇ ਵਖ਼ਰੇਵਿਆਂ ਉਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਕ ਫ਼ੌਜੀ ਸੂਤਰ ਨੇ ਦੱਸਿਆ ਕਿ ਮੀਟਿੰਗ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਦੋਵਾਂ ਮੁਲਕਾਂ ਵਿਚਾਲੇ ਵਾਰਤਾ ਕਰੀਬ ਤਿੰਨ ਮਹੀਨੇ ਬਾਅਦ ਹੋ ਰਹੀ ਹੈ। ਭਾਰਤੀ ਫ਼ੌਜ ਦਾ ਵਫ਼ਦ ਚੀਨੀ ਅਧਿਕਾਰੀਆਂ ਨਾਲ ਹੌਟ ਸਪਰਿੰਗਜ਼, ਗੋਗਰਾ, ਦੇਪਸਾਂਗ ਖੇਤਰਾਂ ਬਾਰੇ ਗੱਲਬਾਤ ਕਰੇਗਾ ਜੋ ਕਿ ਵਿਵਾਦ ਦਾ ਕਾਰਨ ਹਨ। ਇਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਫ਼ੌਜ ਮੌਜੂਦ ਹੈ ਤੇ ਇਹ ਕਰੀਬ 900 ਸਕੁਏਅਰ ਕਿਲੋਮੀਟਰ ਜ਼ਮੀਨ ਹੈ। ਦੇਪਸਾਂਗ ਖੇਤਰ ਹਾਲਾਂਕਿ ਤਾਜ਼ਾ ਟਕਰਾਅ ਦਾ ਹਿੱਸਾ ਨਹੀਂ ਹੈ, ਇੱਥੇ ਟਕਰਾਅ 2013 ਵਿਚ ਹੋਇਆ ਸੀ। ਪਰ ਭਾਰਤ ਨੇ ਹਾਲ ਹੀ ਵਿਚ ਹੋਈਆਂ ਫ਼ੌਜੀ ਪੱਧਰ ਦੀਆਂ ਬੈਠਕਾਂ ਵਿਚ ਜ਼ੋਰ ਪਾਇਆ ਸੀ ਕਿ ਐਲਏਸੀ ਦੇ ਨਾਲ ਜੁੜੇ ਸਾਰੇ ਮੁੱਦੇ ਹੱਲ ਕੀਤੇ ਜਾਣ। ਇਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਗੋਗਰਾ ਤੇ ਹੌਟ ਸਪਰਿੰਗਜ਼ ਵਿਵਾਦ ਨੂੰ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ। ਦੇਪਸਾਂਗ ਮੁੱਦੇ ਦਾ ਹੱਲ ਥੋੜ੍ਹਾ ਸਮਾਂ ਲੈ ਸਕਦਾ ਹੈ ਕਿਉਂਕਿ ਇਹ ਥੋੜ੍ਹਾ ਪੇਚੀਦਾ ਹੈ। -ਪੀਟੀਆਈ