ਨਵੀਂ ਦਿੱਲੀ, 24 ਸਤੰਬਰ
ਪੂਰਬੀ ਲੱਦਾਖ ਵਿੱਚ ਚੱਲ ਰਹੇ ਸਰਹੱਦੀ ਵਿਵਾਦ ਦਾ ਹੱਲ ਕਰਨ ਲਈ ਚੀਨ ਨਾਲ ਫ਼ੌਜੀ ਪੱਧਰ ਦੀ ਗੱਲਬਾਤ ਦੇ ਦੋ ਦਿਨਾਂ ਬਾਅਦ ਭਾਰਤ ਨੇ ਕਿਹਾ ਹੈ ਕਿ ਅਗਲਾ ਕਦਮ ਯਥਾਸਥਿਤੀ ਨੂੰ ਕਿਸੇ ਵੀ ਧਿਰ ਵੱਲੋਂ ਬਦਲਣ ਦੀ ਕੋਸ਼ਿਸ਼ ਤੋਂ ਬਚਾਅ ਕਰਨਾ ਤੇ ਸਾਰੇ ਤਣਾਅ ਵਾਲੇ ਇਲਾਕਿਆਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਦੋਵਾਂ ਮੁਲਕਾਂ ਵੱਲੋਂ ਗੱਲਬਾਤ ਜਾਰੀ ਰੱਖਣਾ ਹੋਵੇਗਾ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਫ਼ੌਜਾਂ ਵੱਲੋਂ ਪਿੱਛੇ ਹਟਣਾ ਜਟਿਲ ਪ੍ਰਕਿਰਿਆ ਹੈ, ਜਿਸ ਲਈ ਦੋਵਾਂ ਮੁਲਕਾਂ ਵੱਲੋਂ ਬਰਾਬਰ ਦੀ ਕਾਰਵਾਈ ਦੀ ਲੋੜ ਪਵੇਗੀ। ਇਸੇ ਤਰ੍ਹਾਂ ਦੋਵਾਂ ਮੁਲਕਾਂ ਵੱਲੋਂ ਹਕੀਕੀ ਪੱਧਰ ’ਤੇ ਸਥਿਰਤਾ ਬਣਾਈ ਰੱਖਣੀ ਜ਼ਰੂਰੀ ਹੋਵੇਗੀ।
ਇਸ ਦੌਰਾਨ ਭਾਰਤ ਦੇ ਸੁਰੱਖਿਆ ਸੂਤਰਾਂ ਨੇ ਦੱਸਿਆ ਹੈ ਕਿ ਖ਼ੁਫ਼ੀਆ ਏਜੰਸੀਆਂ ਮੁਤਾਬਕ ਚੀਨ ਦੀਆਂ ਖ਼ੁਫ਼ੀਆ ਏਜੰਸੀਆਂ ਉੱਤਰ-ਪੂਰਬੀ ਰਾਜਾਂ ਵਿੱਚ ਬਾਗ਼ੀ ਆਗੂਆਂ ਨੂੰ ਪ੍ਰਭਾਵਿਤ ਕਰਨ ਤੇ ਅੰਦਰੂਨੀ ਸ਼ਾਂਤੀ ਭੰਗ ਕਰਨ ਦਾ ਯਤਨ ਕਰ ਕੇ ਖਿੱਤੇ ’ਚ ਸ਼ਾਂਤੀ ਪ੍ਰਕਿਰਿਆ ’ਚ ਰੁਕਾਵਟ ਪੈਦਾ ਕਰ ਰਹੀਆਂ ਹਨ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇੰਟੈਲੀਜੈਂਸ ਬਿਓਰੋ ਨੇ ਇਸ ਖਿੱਤੇ ਵਿੱਚ ਚੀਨ ਦੀਆਂ ਗਤੀਵਿਧੀਆਂ ਬਾਰੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹ ਇਸ ਸਬੰਧੀ ਕੰਮ ਕਰ ਰਹੇ ਹਨ। -ਪੀਟੀਆਈ