ਨਵੀਂ ਦਿੱਲੀ, 1 ਅਗਸਤ
ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਉੱਤਰੀ ਸਿੱਕਮ ਸੈਕਟਰ ’ਚ ਹੌਟਲਾਈਨ ਸਥਾਪਤ ਕੀਤੀ ਗਈ ਹੈ। ਖ਼ਿੱਤੇ ’ਚ ਅਸਲ ਕੰਟਰੋਲ ਰੇਖਾ ’ਤੇ ਭਰੋਸਾ ਬਹਾਲੀ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਇਹ ਕਦਮ ਉਠਾਇਆ ਗਿਆ ਹੈ। ਹੌਟਲਾਈਨ ਦੀ ਸਥਾਪਨਾ ਉਸ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਦੇ ਕਈ ਖੇਤਰਾਂ ’ਚ ਟਕਰਾਅ ਚੱਲ ਰਿਹਾ ਹੈ ਅਤੇ ਸ਼ਨਿਚਰਵਾਰ ਨੂੰ ਦੋਵੇਂ ਮੁਲਕਾਂ ਦੇ ਫ਼ੌਜੀ ਕਮਾਂਡਰਾਂ ਵਿਚਾਲੇ ਮਸਲਾ ਸੁਲਝਾਉਣ ਲਈ 12ਵੇਂ ਗੇੜ ਦੀ ਵਾਰਤਾ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫ਼ੌਜ ਵੱਲੋਂ ਉੱਤਰੀ ਸਿੱਕਮ ’ਚ ਕੋਂਗਰਾ ਲਾ ਅਤੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਨੇ ਤਿੱਬਤੀ ਆਟੋਨਾਮਸ ਰਿਜਨ ਦੇ ਖੰਭਾ ਡਜ਼ੋਂਗ ’ਚ ਹੌਟਲਾਈਨ ਸਥਾਪਤ ਕੀਤੀ ਹੈ। ਪਹਿਲੀ ਅਗਸਤ ਨੂੰ ਪੀਐੱਲਏ ਦਿਵਸ ਮੌਕੇ ਇਹ ਹੌਟਲਾਈਨ ਸਥਾਪਤ ਕੀਤੀ ਗਈ ਹੈ। ਆਰਮੀ ਨੇ ਕਿਹਾ ਕਿ ਕਮਾਂਡਰ ਪੱਧਰ ’ਤੇ ਸੰਪਰਕ ਬਣਾਉਣ ਲਈ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵੱਲੋਂ ਇਹ ਢਾਂਚਾ ਬਣਾਇਆ ਗਿਆ ਹੈ। ਹੌਟਲਾਈਨ ਦੀ ਸਥਾਪਨਾ ਮੌਕੇ ਦੋਵੇਂ ਮੁਲਕਾਂ ਦੇ ਕਮਾਂਡਰ ਹਾਜ਼ਰ ਸਨ ਅਤੇ ਉਨ੍ਹਾਂ ਮੇਲ-ਜੋਲ ਨਾਲ ਦੋਸਤੀ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ। -ਪੀਟੀਆਈ