ਨਵੀਂ ਦਿੱਲੀ, 23 ਅਕਤੂਬਰ
ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅੱਜ ਕਿਹਾ ਕਿ ਵਰਤਮਾਨ ਦੌਰ ਵਿਚ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤੇ ਕਿਸੇ ਵੀ ਹੋਰ ਰਣਨੀਤਕ ਭਾਈਵਾਲੀ ਨਾਲੋਂ ਵੱਧ ਅਹਿਮੀਅਤ ਰੱਖਦੇ ਹਨ ਤੇ ਦੋਵਾਂ ਮੁਲਕਾਂ ਲਈ ‘ਆਦਰਸ਼’ ਹਨ। 1971 ਦੀ ਜੰਗ ਨਾਲ ਸਬੰਧਤ ਇਕ ਸਮਾਗਮ ਵਿਚ ਵਿਦੇਸ਼ ਸਕੱਤਰ ਨੇ ਕਿਹਾ ਭਾਰਤ ਦੀ ਹਵਾਈ ਸੈਨਾ ਨੇ ਇਸ ਜੰਗ ਦੌਰਾਨ ਮੁਕਤੀ ਬਾਹਿਨੀ ਦੇ ਸੰਘਰਸ਼ ਨੂੰ ਮਜ਼ਬੂਤ ਕੀਤਾ। ਸ਼੍ਰਿੰਗਲਾ ਨੇ ਕਿਹਾ ਕਿ ਬੰਗਲਾਦੇਸ਼ ਵਿਚ ਸੇਵਾਵਾਂ ਦਿੰਦਿਆਂ ਉਨ੍ਹਾਂ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਦੀ ਬਹਾਦਰੀ ਦੇ ਕਈ ਕਿੱਸੇ ਸੁਣੇ ਸਨ ਜਿਨ੍ਹਾਂ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ। ਭਾਰਤ ਦੇ ਵਿਦੇਸ਼ ਸਕੱਤਰ ਨੇ ਕਿਹਾ ਕਿ 1971 ਦੀ ਜਿੱਤ ਰਾਜਨੀਤਕ ਜਿੱਤ ਹੋਣ ਦੇ ਨਾਲ-ਨਾਲ ਨੈਤਿਕ ਜਿੱਤ ਵੀ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਦੇ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਸੰਘਰਸ਼ ਰਾਹੀਂ ਆਪਣੇ ਹੱਕ, ਆਜ਼ਾਦੀ ਤੇ ਸਵੈਮਾਣ ਹਾਸਲ ਕੀਤਾ। -ਪੀਟੀਆਈ