ਨਵੀਂ ਦਿੱਲੀ, 29 ਅਪਰੈਲ
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਪੋਤੇ ਰਾਹੁਲ ਗਾਂਧੀ ਦੇ ਹੌਸਲੇ ਅਤੇ ਪੱਕੇ ਨਿਸ਼ਚੇ ਦੀ ਕਦਰ ਕਰਦੀ ਸੀ। ਰਾਹੁਲ ਨੂੰ 14 ਸਾਲ ਦੀ ਘੱਟ ਉਮਰ ਤੋਂ ਹੀ ਇੰਦਰਾ ਸਮਝਦਾਰ ਮੰਨਦੀ ਸੀ। ਉਹ ਰਾਹੁਲ ਨਾਲ ਉਨ੍ਹਾਂ ਸਾਰੇ ਵਿਸ਼ਿਆਂ ’ਤੇ ਚਰਚਾ ਕਰਦੀ ਸੀ ਜਿਨ੍ਹਾਂ ਬਾਰੇ ਉਹ ਆਪਣੇ ਆਪਣੇ ਵੱਡੇ ਪੁੱਤਰ ਰਾਜੀਵ ਗਾਂਧੀ ਅਤੇ ਨੂੰਹ ਸੋਨੀਆ ਗਾਂਧੀ ਨਾਲ ਗੱਲ ਕਰਨ ਤੋਂ ਬਚਦੀ ਸੀ। ਸੀਨੀਅਰ ਪੱਤਰਕਾਰ ਅਤੇ ਲੇਖਕ ਰਾਸ਼ਿਦ ਕਿਦਵਈ ਦੀ ਨਵੀਂ ਕਿਤਾਬ ‘ਲੀਡਰ, ਪੌਲੀਟੀਸ਼ੀਅਨਜ਼, ਸਿਟੀਜ਼ਨਜ਼’ ’ਚ ਇਹ ਦਾਅਵਾ ਕੀਤਾ ਗਿਆ ਹੈ ਜਿਸ ’ਚ 50 ਹਸਤੀਆਂ ਨਾਲ ਜੁੜੀਆਂ ਕਹਾਣੀਆਂ ਦਾ ਸੰਕਲਨ ਕੀਤਾ ਗਿਆ ਹੈ। ਉਨ੍ਹਾਂ ਕਿਤਾਬ ’ਚ ਇੰਦਰਾ ਗਾਂਧੀ ਦੀ ਹੱਤਿਆ ਅਤੇ ਗਾਂਧੀ ਤੇ ਬੱਚਨ ਪਰਿਵਾਰ ਵਿਚਾਲੇ ਨੇੜਲੇ ਸਬੰਧਾਂ ਦਾ ਵੀ ਜ਼ਿਕਰ ਕੀਤਾ ਹੈ। ਅਕਤੂਬਰ 1984 ’ਚ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਨਹਿਰੂ-ਗਾਂਧੀ ਪਰਿਵਾਰ ਦੇ ਇਕ ਮੈਂਬਰ ਅਰੁਣ ਨਹਿਰੂ ਦਿੱਲੀ ਦੇ ਏਮਸ ’ਚ ਆਪਣੇ ਬੱਚਿਆਂ ਰਾਹੁਲ ਅਤੇ ਪ੍ਰਿਯੰਕਾ ਦੀ ਜ਼ਿੰਦਗੀ ਨੂੰ ਲੈ ਕੇ ਫਿਕਰਮੰਦ ਸੋਨੀਆ ਗਾਂਧੀ ਨਾਲ ਮਿਲਣ ਪਹੁੰਚੇ ਸਨ। ਇਸ ਤੋਂ ਬਾਅਦ ਅਰੁਣ ਨਹਿਰੂ, ਰਾਹੁਲ ਅਤੇ ਪ੍ਰਿਯੰਕਾ ਨੂੰ ਅਦਾਕਾਰ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਦੇ ਗੁਲਮੋਹਰ ਪਾਰਕ ਸਥਿਤ ਰਿਹਾਇਸ਼ ’ਤੇ ਲੈ ਕੇ ਗਏ ਸਨ। ਇੰਦਰਾ ਗਾਂਧੀ ਬਾਰੇ ਲਿਖੇ ਚੈਪਟਰ ’ਚ ਕਿਦਵਈ ਨੇ ਉਨ੍ਹਾਂ ਪਲਾਂ ਦੇ ਵੇਰਵੇ ਦਿੱਤੇ ਹਨ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਦੀ ਹੱਤਿਆ ਕਰ ਦਿੱਤੀ ਗਈ ਸੀ। ਪ੍ਰਿਯੰਕਾ ਗਾਂਧੀ, ਜੋ ਉਸ ਸਮੇਂ 12 ਵਰ੍ਹਿਆਂ ਦੀ ਸੀ, ਨੇ ਬਾਅਦ ’ਚ ਦੱਸਿਆ ਕਿ ਉਸ ਦਿਨ ਉਨ੍ਹਾਂ ਦੀ ਦਾਦੀ ਨੇ ਆਮ ਨਾਲੋਂ ਜ਼ਿਆਦਾ ਦੇਰ ਤੱਕ ਆਪਣੇ ਨਾਲ ਰੱਖਿਆ ਸੀ। ਉਹ ਫਿਰ ਰਾਹੁਲ ਕੋਲ ਗਈ ਸੀ। ਇੰਦਰਾ ਗਾਂਧੀ ਦੇ ਦਿਮਾਗ ’ਚ ਮੌਤ ਦਾ ਖ਼ਿਆਲ ਬਹੁਤ ਪਹਿਲਾਂ ਤੋਂ ਸੀ। ਰਾਹੁਲ ਵੱਲ ਮੁੜ ਕੇ ਉਨ੍ਹਾਂ ਉਸ ਨੂੰ ਜ਼ਿੰਮੇਵਾਰੀ ਸੰਭਾਲਣ ਅਤੇ ਆਪਣੀ ਮੌਤ ਹੋਣ ’ਤੇ ਨਾ ਰੋਣ ਲਈ ਕਿਹਾ ਸੀ।’’ ਲੇਖਕ ਮੁਤਾਬਕ ਕੁਝ ਦਿਨ ਪਹਿਲਾਂ ਹੀ ਇੰਦਰਾ ਨੇ ਰਾਹੁਲ ਨੂੰ ਅੰਤਿਮ ਸੰਸਕਾਰ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਸੀ। ਹੈਸ਼ੇਟ ਇੰਡੀਆ ਵੱਲੋਂ ਪ੍ਰਕਾਸ਼ਿਤ ਕਿਤਾਬ ਪਿਛਲੇ ਹਫ਼ਤੇ ਬਾਜ਼ਾਰ ’ਚ ਆ ਗਈ ਹੈ। -ਪੀਟੀਆਈ