ਨਵੀਂ ਦਿੱਲੀ, 2 ਜੁਲਾਈ
ਇੰਡੀਗੋ ਨੇ ਅੱਜ ਕਿਹਾ ਕਿ ਉਹ 2020 ਦੇ ਅਖੀਰ ਤੱਕ ਡਾਕਟਰਾਂ ਤੇ ਨਰਸਾਂ ਨੂੰ ਹਵਾਈ ਕਿਰਾਏ ’ਤੇ 25 ਫੀਸਦ ਦੀ ਛੋਟ ਦੇਵੇਗੀ ਕਿਉਂਕਿ ਇਹ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਸਭ ਤੋਂ ਅਗਲੇ ਮੋਰਚੇ ’ਤੇ ਕੰਮ ਕਰ ਰਹੇ ਹਨ। ਏਅਰਲਾਈਨ ਨੇ ਕਿਹਾ, ‘ਨਰਸਾਂ ਤੇ ਡਾਕਟਰਾਂ ਨੂੰ ਚੈੱਕ-ਇਨ ਸਮੇਂ ਆਪਣੀ ਪਛਾਣ ਦੇ ਸਬੂਤ ਵਜੋਂ ਹਸਪਤਾਲ ਦਾ ਵੈਧ ਸ਼ਨਾਖਤੀ ਕਾਰਡ ਦਿਖਾਉਣਾ ਪਵੇਗਾ।’ ਉਨ੍ਹਾਂ ਕਿਹਾ, ‘ਇੰਡੀਗੋ ਦੀ ਵੈੱਬਸਾਈਟ ਤੋਂ ਟਿਕਟ ਬੁੱਕ ਕਰਵਾਉਂਦੇ ਸਮੇਂ ਇਹ ਛੋਟ ਦਿੱਤੀ ਜਾਵੇਗੀ।’ ਇਹ ਛੋਟ 1 ਜੁਲਾਈ 2020 ਤੋਂ 31 ਦਸੰਬਰ 2020 ਤੱਕ ਯਾਤਰਾ ਲਈ ਦਿੱਤੀ ਜਾਵੇਗੀ। ਕਰੀਬ ਦੋ ਮਹੀਨੇ ਬਾਅਦ 25 ਮਈ ਤੋਂ ਬਹਾਲ ਹੋਈ ਘਰੇਲੂ ਉਡਾਣਾਂ ’ਚ ਮੁਸਾਫ਼ਰਾਂ ਦੀ ਕਮੀ ਬਣੀ ਹੋਈ ਹੈ। ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਅੱਜ ਟਵੀਟ ਕੀਤਾ ਕਿ ਪਹਿਲੀ ਜੁਲਾਈ ਨੂੰ 71,471 ਮੁਸਾਫ਼ਰਾਂ ਨੇ ਯਾਤਰਾ ਕੀਤੀ ਹੈ।
-ਪੀਟੀਆਈ