ਨਵੀਂ ਦਿੱਲੀ/ਕਰਾਚੀ, 17 ਜੁਲਾਈ
ਸ਼ਾਹਰਾਜ ਤੋਂ ਹੈਦਰਾਬਾਦ ਆ ਰਹੇ ਇੰਡੀਗੋ ਦੇ ਜਹਾਜ਼ ਦੇ ਇੱਕ ਇੰਜਣ ’ਚ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਅੱਜ ਇਸ ਨੂੰ ਇਹਤਿਆਤ ਵਜੋਂ ਕਰਾਚੀ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਇੰਡੀਗੋ ਦੀ ਦਿੱਲੀ-ਵਡੋਦਰਾ ਉਡਾਣ ਦਾ ਮਾਰਗ ਇਹਤਿਆਤ ਵਜੋਂ ਜੈਪੁਰ ਵੱਲ ਤਬਦੀਲ ਕੀਤਾ ਗਿਆ ਸੀ ਕਿਉਂਕਿ ਜਹਾਜ਼ ਦਾ ਇੱਕ ਇੰਜਣ ਕੰਬ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੋਵਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਇੰਡੀਗੋ ਨੇ ਅੱਜ ਦੀ ਘਟਨਾ ਬਾਰੇ ਕਿਹਾ ਕਿ ਸ਼ਾਰਜਾਹ ਤੋਂ ਹੈਦਰਾਬਾਦ ਆ ਰਹੀ ਉਸ ਦੀ ਉਡਾਣ 6ਈ-1406 ਦਾ ਰਾਹ ਕਰਾਚੀ ਵੱਲ ਮੋੜ ਦਿੱਤਾ ਗਿਆ। ਕੰਪਨੀ ਨੇ ਕਿਹਾ, ‘ਪਾਇਲਟ ਨੂੰ ਤਕਨੀਕੀ ਖਰਾਬੀ ਦਾ ਪਤਾ ਲੱਗਾ। ਜ਼ਰੂਰੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਅਤੇ ਇਹਤਿਆਤ ਵਜੋਂ ਜਹਾਜ਼ ਨੂੰ ਕਰਾਚੀ ਵੱਲ ਮੋੜ ਲਿਆ ਗਿਆ। ਯਾਤਰੀਆਂ ਨੂੰ ਹੈਦਰਾਬਾਦ ਲਿਆਉਣ ਲਈ ਦੂਸਰਾ ਜਹਾਜ਼ ਕਰਾਚੀ ਭੇਜਿਆ ਜਾ ਰਿਹਾ ਹੈ।’ ਸਪਾਈਸਜੈੱਟ ਵੀ ਅਜੇ ਡੀਜੀਸੀਏ ਦੀ ਜਾਂਚ ਦੇ ਘੇਰੇ ’ਚ ਹੈ। -ਪੀਟੀਆਈ
ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਦੇ ਕਾਕਪਿਟ ’ਚੋਂ ਪੰਛੀ ਮਿਲਿਆ
ਨਵੀਂ ਦਿੱਲੀ: ਬਹਿਰੀਨ ਤੋਂ ਕੋਚੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ ਉਡਾਣ ਦੇ ਕਾਕਪਿਟ ’ਚ 15 ਜੁਲਾਈ ਨੂੰ ਇੱਕ ਜਿਊਂਦਾ ਪੰਛੀ ਮਿਲਿਆ ਸੀ। ਡੀਜੀਸੀਏ ਦੱਸਿਆ ਕਿ ਜਹਾਜ਼ ਜਦੋਂ 37 ਹਜ਼ਾਰ ਫੁੱਟ ਦੀ ਉਚਾਈ ’ਤੇ ਸੀ ਤਾਂ ਸਹਿ ਪਾਇਲਟ ਵਾਲੇ ਪਾਸੇ ਸੀਟ ਦੇ ਸਾਹਮਣੇ ਸਾਮਾਨ ਰੱਖਣ ਲਈ ਬਣੀ ਦਰਾਜ ’ਚੋਂ ਜਿਊਂਦਾ ਪੰਛੀ ਮਿਲਿਆ ਸੀ। ਜਹਾਜ਼ ਕੋਚੀ ’ਚ ਸੁਰੱਖਿਅਤ ਉਤਰਨ ’ਚ ਕਾਮਯਾਬ ਰਿਹਾ। ਡੀਜੀਸੀਏ ਘਟਨਾ ਦੀ ਜਾਂਚ ਕਰ ਰਿਹਾ ਹੈ। -ਪੀਟੀਆਈ