ਨਵੀਂ ਦਿੱਲੀ: ਇੰਡੀਗੋ ਨੇ ਅੱਜ ਤੋਂ ਉਨ੍ਹਾਂ ਸਾਰੇ ਮੁਸਾਫ਼ਰਾਂ ਨੂੰ ਦਸ ਫੀਸਦ ਛੋਟ ਦੇਣ ਦਾ ਐਲਾਨ ਕੀਤਾ ਹੈ, ਜੋ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲਗਵਾ ਚੁੱਕੇ ਹਨ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਛੋਟ ਮੂਲ ਕਿਰਾਏ/ਭਾੜੇ ’ਤੇ ਹੋਵੇਗੀ ਤੇ ਇਸ ਪੇਸ਼ਕਸ਼ ਤਹਿਤ ‘ਸੀਮਤ ਵਸਤੂ ਸੂਚੀ’ ਹੀ ਉਪਲੱਬਧ ਹੋਵੇਗੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਪੇਸ਼ਕਸ਼ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਮੁਸਾਫ਼ਰਾਂ ਲਈ ਹੀ ਉਪਲੱਬਧ ਹੈ, ਜੋ ਬੁਕਿੰਗ ਕਰਵਾਉਣ ਵੇਲੇ ਭਾਰਤ ਵਿੱਚ ਮੌਜੂਦ ਸਨ ਅਤੇ ਜੋ ਕਰੋਨਾ ਤੋਂ ਬਚਾਅ ਲਈ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਪਹਿਲਾਂ ਹੀ ਲਵਾ ਚੁੱਕੇ ਹਨ। ਬਿਆਨ ਮੁਤਾਬਕ ਉਪਰੋਕਤ ਪੇਸ਼ਕਸ਼ ਦਾ ਲਾਭ ਲੈਣ ਵਾਲੇ ਮੁਸਾਫਰਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਵੈਧ ਕੋਵਿਡ-19 ਟੀਕਾਕਰਨ ਸਰਟੀਫਿਕੇਟ ਹਵਾਈ ਅੱਡੇ ਦੇ ਚੈੱਕ-ਇਨ ਕਾਊਂਟਰ ਤੇ ਬੋਰਡਿੰਗ ਗੇਟ ’ਤੇ ਵਿਖਾਉਣਾ ਹੋਵੇਗਾ। -ਪੀਟੀਆਈ