ਨਵੀਂ ਦਿੱਲੀ, 3 ਸਤੰਬਰ
ਇੰਡੀਗੋ ਨੇ ਭਾਰਤ ਤੇ ਮਾਲਦੀਵਜ਼ ਦਰਮਿਆਨ ਹੋਏ ਦੁਵੱਲੇ ਏਅਰ ਬਬਲ ਕਰਾਰ ਮਗਰੋਂ ਕੋਚੀ-ਮਾਲੇ ਰੂਟ ’ਤੇ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਰਾਰ ਤਹਿਤ ਦੋਵਾਂ ਮੁਲਕਾਂ ਦੀਆਂ ਏਅਰਲਾਈਨਾਂ ਕੁਝ ਪਾਬੰਦੀਆਂ ਨਾਲ ਵਿਸ਼ੇਸ਼ ਕੌਮਾਂਤਰੀ ਉਡਾਣਾਂ ਚਲਾਉਂਦੀਆਂ ਹਨ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ, ‘ਇੰਡੀਗੋ ਅੱਜ ਤੋਂ ਏਅਰ ਬਬਲ ਤਹਿਤ ਭਾਰਤ ਤੇ ਮਾਲਦੀਵਜ਼ ਦਰਮਿਆਨ ਹਫ਼ਤੇ ਵਿੱਚ ਦੋ ਦਿਨ ਉਡਾਣਾਂ ਚਲਾਏਗਾ।’ ਬਿਆਨ ਮੁਤਾਬਕ ਕੋਚੀ-ਮਾਲੇ ਰੂਟ ’ਤੇ ਵੀਰਵਾਰ ਤੇ ਐਤਵਾਰ ਨੂੰ ਉਡਾਣਾਂ ਚੱਲਣਗੀਆਂ। ਇੰਡੀਗੋ ਦੇ ਮੁੱਖ ਕਮਰਸ਼ਲ ਅਧਿਕਾਰੀ ਵਿਲੀਅਮ ਬੋਲਟਰ ਨੇ ਕਿਹਾ, ‘ਮਾਲਦੀਵਜ਼ ਦੇ ਸੈਰ-ਸਪਾਟੇ ਲਈ ਭਾਰਤ ਅਹਿਮ ਬਾਜ਼ਾਰਾਂ ’ਚੋਂ ਇਕ ਹੈ। ਮਾਲਦੀਵਜ਼ ਦੇ ਵੱਡੀ ਗਿਣਤੀ ਮੈਡੀਕਲ ਟੂਰਿਸਟ ਭਾਰਤ ਜਾਂਦੇ ਹਨ।’ ਜੁਲਾਈ ਮਗਰੋਂ ਭਾਰਤ ਹੁਣ ਤਕ ਅਮਰੀਕਾ, ਯੂਕੇ, ਯੂਏਈ, ਕਤਰ ਤੇ ਮਾਲਦੀਵਜ਼ ਨਾਲ ਦੁਵੱਲੇ ਏਅਰ ਬਬਲ ਕਰਾਰ ਕਰ ਚੁੱਕਾ ਹੈ। ਭਾਰਤ ਵਿੱਚ ਤਜਵੀਜ਼ਤ ਕੌਮਾਂਤਰੀ ਮੁਸਾਫ਼ਰ ਉਡਾਣਾਂ 23 ਮਾਰਚ ਤੋਂ ਬੰਦ ਹਨ। -ਪੀਟੀਆਈ