ਕੋਚੀ, 2 ਸਤੰਬਰ
ਮੁੱਖ ਅੰਸ਼
- ਜਲ ਸੈਨਾ ਦੇ ਨਵੇਂ ਝੰਡੇ ਦੀ ਵੀ ਘੁੰਡ ਚੁਕਾਈ
- ਅਮਰੀਕਾ, ਯੂਕੇ, ਰੂਸ, ਚੀਨ ਤੇ ਫਰਾਂਸ ਦੇ ਸਮੂਹ ਵਿਚ ਸ਼ਾਮਲ ਹੋਇਆ ਭਾਰਤ
- ਨਿਰਮਾਣ ’ਤੇ 20,000 ਕਰੋੜ ਰੁਪਏ ਦੀ ਲਾਗਤ ਆਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਡਿਜ਼ਾਈਨ ਤੇ ਤਿਆਰ ਕੀਤਾ ਪਹਿਲਾ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ ਅੱਜ ਰਸਮੀ ਤੌਰ ’ਤੇ ਜਲ ਸੈਨਾ ਨੂੰ ਸੌਂਪ ਦਿੱਤਾ। ਇਸ ਬੇੜੇ ਦੇ ਨਿਰਮਾਣ ਨਾਲ ਭਾਰਤ ਉਨ੍ਹਾਂ ਕੁਝ ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜੋ ਘਰੇਲੂ ਪੱਧਰ ’ਤੇ ਅਜਿਹੇ ਵੱਡੇ ਜੰਗੀ ਬੇੜੇ ਤਿਆਰ ਕਰਨ ਦੀ ਸਮਰੱਥਾ ਰੱਖਦੇ ਹਨ। ਸ੍ਰੀ ਮੋਦੀ, ਜਿਨ੍ਹਾਂ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਿਤ ਜਲ ਸੈਨਾ ਦੇ ਨਵੇਂ ਝੰਡੇ ਦੀ ਘੁੰਡ ਚੁਕਾਈ ਵੀ ਕੀਤੀ, ਨੇ ਕਿਹਾ ਕਿ ਦੇਸ਼ ‘ਗ਼ੁਲਾਮੀ ਦੇ ਬੋਝ’ ਤੋਂ ਮੁਕਤ ਹੋ ਗਿਆ ਹੈ। ਕੋਚੀਨ ਸ਼ਿਪਯਾਰਡ ਲਿਮਟਿਡ ਉੱਤੇ ਹੋਏ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਜਲਸੈਨਾ ਮੁਖੀ ਆਰ.ਹਰੀ ਕੁਮਾਰ ਤੇ ਕੁਝ ਹੋਰ ਮਹਿਮਾਨ ਮੌਜੂਦ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਵਿਕਰਾਂਤ, ਜਿਸ ਦਾ ਮਤਲਬ ਜੇਤੂ ਹੈ, ਬਹੁਤ ਵੱਡਾ, ਵਿਸ਼ਾਲ ਤੇ ਭਾਰੀ ਹੈ। ਉਨ੍ਹਾਂ ਕਿਹਾ, ‘‘ਵਿਕਰਾਂਤ ਸਿਰਫ਼ ਇਕ ਜੰਗੀ ਬੇੜਾ ਨਹੀਂ ਬਲਕਿ ਇਹ ਭਾਰਤੀਆਂ ਦੇ ਹੁਨਰ ਤੇ ਪ੍ਰਤਿਭਾ ਦੀ ਸ਼ਾਹਦੀ ਭਰਦਾ ਹੈ। ਪ੍ਰਧਾਨ ਮੰਤਰੀ ਨੇ ਏਅਰਕ੍ਰਾਫਟ ਕਰੀਅਰ ਦੀਆਂ ਕੁਝ ਖੂਬੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਜੰਗੀ ਬੇੜੇ ਨੂੰ ‘ਤਰਦਾ ਹਵਾਈ ਅੱਡਾ, ਤਰਦਾ ਸ਼ਹਿਰ’ ਦੱਸਿਆ। ਉਨ੍ਹਾਂ ਕਿਹਾ ਕਿ
ਜੰਗੀ ਬੇੜੇ ਵਿੱਚ ਹੀ ਪੈਦਾ ਹੁੰਦੀ ਬਿਜਲੀ ਨਾਲ 5000 ਘਰਾਂ ਨੂੰ ਰੁਸ਼ਨਾਇਆ ਜਾ ਸਕਦਾ ਹੈ। ਸ੍ਰੀ ਮੋਦੀ ਨੇ ਜਲ ਸੈਨਾ ਦਾ ਨਵਾਂ ਝੰਡਾ ਮਹਾਨ ਮਰਾਠਾ ਸਮਰਾਟ ਨੂੰ ਸਮਰਪਿਤ ਕਰਦਿਆਂ ਕਿਹਾ, ‘‘ਅੱਜ ਦੇ ਇਸ ਇਤਿਹਾਸਕ ਦਿਨ ਭਾਰਤ ਗ਼ੁਲਾਮੀ ਦੇ ਨਿਸ਼ਾਨ ਤੇ ਬੋਝ ਤੋਂ ਮੁਕਤ ਹੋ ਗਿਆ ਹੈ। ਭਾਰਤੀ ਜਲ ਸੈਨਾ ਨੂੰ ਅੱਜ ਤੋਂ ਨਵਾਂ ਝੰਡਾ ਮਿਲਿਆ ਹੈ। ਹੁਣ ਤੱਕ ਭਾਰਤੀ ਜਲ ਸੈਨਾ ਦੇ ਝੰਡੇ ’ਤੇ ਗੁਲਾਮੀ ਦੀ ਪਛਾਣ ਮੌਜੂਦ ਸੀ। ਪਰ ਅੱਜ ਤੋਂ ਬਾਅਦ, ਛਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ, ਜਲ ਸੈਨਾ ਦਾ ਨਵਾਂ ਝੰਡਾ ਸਮੁੰਦਰ ਤੇ ਆਕਾਸ਼ ਵਿੱਚ ਲਹਿਰਾਏਗਾ।’’ ਪ੍ਰਧਾਨ ਮੰਤਰੀ ਨੇ ਆਈਐੱਨਐੱਸ ਵਿਕਰਾਂਤ ਨੂੰ ਜਲ ਸੈਨਾ ਵਿੱਚ ਰਸਮੀ ਤੌਰ ’ਤੇ ਸ਼ਾਮਲ ਕਰਨ ਲਈ ਧਾਤ ਦੀ ਬਣੀ ਪਲੇਟ ਤੋਂ ਪਰਦਾ ਹਟਾਇਆ। ਕਾਬਿਲੇਗੌਰ ਹੈ ਕਿ ਆਈਐੱਨਐੈੱਸ ਵਿਕਰਾਂਤ ਦਾ ਨਾਮ ਇਸੇ ਨਾਂ ਦੇ ਬੇੜੇ ’ਤੇ ਰੱਖਿਆ ਗਿਆ ਹੈ, ਜਿਸ ਨੇ 1971 ਦੀ ਭਾਰਤ-ਪਾਕਿ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਆਈਐੱਨਐੱਸ ਵਿਕਰਾਂਤ ਦੀ ਜਲ ਸੈਨਾ ਵਿੱਚ ਸ਼ਮੂਲੀਅਤ ਨਾਲ ਭਾਰਤ ਕੁਝ ਚੋਣਵੇਂ ਮੁਲਕਾਂ ਜਿਵੇਂ ਅਮਰੀਕਾ, ਯੂਕੇ, ਰੂਸ, ਚੀਨ ਤੇ ਫਰਾਂਸ ਦੇ ਸਮੂਹ ਵਿਚ ਸ਼ਾਮਲ ਹੋ ਗਿਆ ਹੈ, ਜੋ ਆਪਣੇ ਹੀ ਦੇਸ਼ ਵਿੱਚ ਏਅਰਕ੍ਰਾਫਟ ਕਰੀਅਰ ਨੂੰ ਡਿਜ਼ਾਈਨ ਤੇ ਇਸ ਦੇ ਨਿਰਮਾਣ ਦੀ ਸਮਰੱਥਾ ਰੱਖਦੇ ਹਨ। ਜੰਗੀ ਬੇੜੇ ਦੀ ਲੰਬਾਈ 262 ਮੀਟਰ ਤੇ ਚੌੜਾਈ 62 ਮੀਟਰ ਹੈ। ਪੂਰਾ ਵਜ਼ਨ ਲੱਦੇ ਹੋਣ ’ਤੇ ਇਹ ਕੁੱਲ 43000 ਟਨ ਵਜ਼ਨ ਢੋਣ ਦੇ ਸਮਰੱਥ ਹੈ। ਇਸ ਦੀ ਸਿਖਰਲੀ ਡਿਜ਼ਾਈਨ ਰਫ਼ਤਾਰ 28 ਨੌਟਸ ਹੈ। ਇਸ ਦੇ ਨਿਰਮਾਣ ’ਤੇ 20,000 ਕਰੋੜ ਰੁਪਏ ਦੀ ਲਾਗਤ ਆਈ ਹੈ। ਜੰਗੀ ਬੇੜੇ ਦੇ ਬੇਸ ਤੋਂ ਭਾਰਤ ਵਿੱਚ ਹੀ ਬਣੇ ਐਡਵਾਂਸਡ ਲਾਈਟ ਹੈਲੀਕਾਪਟਰਾਂ (ਏਐੱਲਐੱਚ) ਤੋਂ ਇਲਾਵਾ ਮਿੱਗ-29ਕੇ ਜੰਗੀ ਜਹਾਜ਼ ਸਣੇ 30 ਏਅਰਕ੍ਰਾਫ਼ਟ ਅਪਰੇਟ ਕਰ ਸਕਦੇ ਹਨ। ਸ੍ਰੀ ਮੋਦੀ ਨੇ ਬੇੜੇ ਨੂੰ ਜਲ ਸੈਨਾ ਵਿੱਚ ਸ਼ਾਮਲ ਕਰਨ ਦੀ ਰਸਮ ਨਿਭਾਉਣ ਤੋਂ ਪਹਿਲਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ, ਅੱਜ ਵਿਸ਼ਵ ਦੇ ਉਨ੍ਹਾਂ ਮੁਲਕਾਂ ਵਿੱਚ ਸ਼ੁਮਾਰ ਹੋ ਗਿਆ ਹੈ, ਜੋ ਅਜਿਹੇ ਵਿਸ਼ਾਲ ਜੰਗੀ ਬੇੜੇ ਮੁਕਾਮੀ ਤਕਨੀਕ ਦੀ ਮਦਦ ਨਾਲ ਤਿਆਰ ਕਰਨ ਦੇ ਸਮਰੱਥ ਹਨ। ਵਿਕਰਾਂਤ ਨੇ ਦੇਸ਼ ਨੂੰ ਨਵੇਂ ਵਿਸ਼ਵਾਸ ਨਾਲ ਭਰ ਦਿੱਤਾ ਹੈ।’’ -ਪੀਟੀਆਈ
ਅਗਲਾ ਬੇੜਾ ਅੱਠ ਸਾਲਾਂ ’ਚ ਤਿਆਰ ਕਰਨ ਦਾ ਦਾਅਵਾ
ਨਵੀਂ ਦਿੱਲੀ(ਟਨਸ): ਕੋਚਿਨ ਸ਼ਿਪਯਾਰਡ ਲਿਮਟਿਡ ਦੇ ਚੇਅਰਮੈਨ ਤੇ ਐੱਮਡੀ ਮਧੂ ਨਾਇਰ ਨੇ ਕਿਹਾ ਕਿ ਅਗਲੇ ਜੰਗੀ ਬੇੜੇ ਦੇ ਨਿਰਮਾਣ ਵਿੱਚ ਹੁਣ ਦੇ ਮੁਕਾਬਲੇ ਬਹੁਤ ਘੱਟ ਸਮਾਂ ਲੱਗੇਗਾ। ਉਨ੍ਹਾਂ ਕਿਹਾ, ‘‘ਅਗਲੇ ਬੇੜੇ ਦੇ ਨਿਰਮਾਣ ਲਈ ਇਕ ਵਾਰ ਝੰਡੀ ਮਿਲ ਜਾਵੇ, ਅਸੀਂ ਅੱਠ ਸਾਲਾਂ ਵਿੱਚ ਇਸ ਨੂੰ ਤਿਆਰ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ ਕਿ ਨਵੀਂ ਬੰਦਰਗਾਹ ਬਣ ਰਹੀ ਹੈ ਤੇ ਜਲਦੀ ਹੀ ਤਿਆਰ ਹੋ ਜਾਵੇਗੀ, ਇਹ 70,000 ਟਨ ਵਜ਼ਨੀ ਬੇੜਿਆਂ ਦਾ ਭਾਰ ਢੋਹਣ ਦੇ ਸਮਰੱਥ ਹਨ।
ਪਿਛਲੇ ਦੋ ਦਹਾਕਿਆਂ ਵਿੱਚ ਝੰਡੇ ’ਚ ਚੌਥਾ ਬਦਲਾਅ
ਨਵੀਂ ਦਿੱਲੀ (ਟਨਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਸੈਨਾ ਦੇ ਜਿਸ ਨਵੇਂ ਝੰਡੇ ਦੀ ਅੱਜ ਘੁੰਡ ਚੁਕਾਈ ਕੀਤੀ, ਉਹ ਜਲਸੈਨਾ ਦੇ ਸਾਰੇ ਜੰਗੀ ਬੇੜਿਆਂ, ਜ਼ਮੀਨੀ ਸਟੇਸ਼ਨਾਂ ਤੇ ਨੇਵੀ ਦੇ ਹਵਾਈ ਬੇਸਾਂ ’ਤੇ ਲਹਿਰਾਏਗਾ। 1950 ਮਗਰੋਂ ਝੰਡੇ ਵਿੱਚ ਕੀਤਾ ਇਹ ਚੌਥਾ ਬਦਲਾਅ ਹੈ ਤੇ ਇਹ ਸਾਰੇ ਫੇਰਬਦਲ 2001 ਮਗਰੋਂ ਹੀ ਕੀਤੇ ਗਏ ਹਨ। 26 ਜਨਵਰੀ 1950 ਨੂੰ ਭਾਰਤ ਦੇ ਗਣਰਾਜ ਬਣਨ ਮਗਰੋਂ ਆਜ਼ਾਦ ਭਾਰਤ ਦਾ ਝੰਡਾ ਦਰਸਾਉਣ ਲਈ ਨੇਵੀ ਦੇ ਕਰੈਸਟ ਤੇ ਝੰਡਿਆਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ। ਝੰਡੇ ਦੇ ਇਕ ਹਿੱਸੇ ਵਿੱਚ ਬਰਤਾਨਵੀ ਵਿਰਾਸਤ- ਸੇਂਟ ਜੌਰਜ ਦੇ ਲਾਲ ਰੰਗ ਦੇ ਕਰੌਸ ਨੂੰ ਪਹਿਲਾਂ ਵਾਂਗ ਕਾਇਮ ਰੱਖਿਆ ਗਿਆ। ਝੰਡੇ ਦੇ ਇਕ ਕੋਨੇ ਵਿੱਚ ਯੂਨੀਅਨ ਜੈਕ ਦੀ ਥਾਂ ਤਿਰੰਗੇ ਨੇ ਲੈ ਲਈ। 15 ਅਗਸਤ 2001 ਨੂੰ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਸੇਂਟ ਜੌਰਜ ਦੇ ਕਰੌਸ ਦੀ ਥਾਂ ਗੂੜ੍ਹੇ ਨੀਲੇ ਰੰਗ ਦੇ ਭਾਰਤੀ ਜਲਸੈਨਾ ਦੇ ਕਰੈਸਟ ਨੂੰ ਸ਼ਾਮਲ ਕਰ ਲਿਆ। ਅਪਰੈਲ 2004 ਵਿੱਚ, ਸੱਤਾ ’ਚੋਂ ਲਾਂਭੇ ਹੋਣ ਤੋਂ ਮਹੀਨਾ ਕੁ ਪਹਿਲਾਂ ਵਾਜਪਾਈ ਸਰਕਾਰ ਨੇ ਸੇਂਟ ਜੌਰਜ ਦੇ ਕਰੌਸ ਨੂੰ ਮੁੜ ਝੰਡੇ ਵਿੱਚ ਥਾਂ ਦਿੰਦਿਆਂ ਕਰੌਸ ਦੇ ਇੰਟਰਸੈਕਸ਼ਨ ’ਤੇ ਅਸ਼ੋਕ ਚਿੰਨ੍ਹ ਲਾ ਦਿੱਤਾ। ਦਸ ਸਾਲ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਹਦਾਇਤ ’ਤੇ ਅਸ਼ੋਕ ਚਿੰਨ੍ਹ ਦੇ ਹੇਠਾਂ ‘ਸਤਿਆਮੇਵ ਜਯਤੇ’ ਲਿਖਿਆ ਗਿਆ। ਸ੍ਰੀ ਮੋਦੀ ਨੇ ਅੱਜ ਜਿਸ ਝੰਡੇ ਤੋਂ ਪਰਦਾ ਚੁੱਕਿਆ, ਉਸ ਵਿੱਚ ਸੇਂਟ ਜੌਰਜ ਦੇ ਕਰੌਸ ਦੀ ਥਾਂ ਨੀਲੇ ਰੰਗ ਦੇ ਅੱਠ ਭੁਜੀ ਆਕਾਰ ਵਾਲੇ ਗੂੜ੍ਹੇ ਨੀਲੇ ਰੰਗ ਦੇ ਬਕਸੇ ਵਿੱਚ ਅਸ਼ੋਕ ਚਿੰਨ੍ਹ ਦੇ ਹੇਠਾਂ ਜਹਾਜ਼ ਦਾ ਲੰਗਰ ਹੈ। ਇਹ ਬਕਸਾ ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਦੀ ਸ਼ਾਹੀ ਮੋਹਰ ਤੋ ਪ੍ਰੇਰਿਤ ਹੈ।
ਭਾਰਤ ਦੀ ਸਮੁੰਦਰੀ ਸੁਰੱਖਿਆ ਵੱਲ ਅਹਿਮ ਪੇਸ਼ਕਦਮੀ: ਰਾਹੁਲ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਵਿੱਚ ਤਿਆਰ ਪਹਿਲੇ ਏਅਰਕ੍ਰਾਫ਼ਟ ਕਰੀਅਰ ਨੂੰ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕਰਨ ਲਈ ਭਾਰਤੀ ਜਲ ਸੈਨਾ, ਨੇਵਲ ਡਿਜ਼ਾਈਨ ਬਿਊਰੋ ਤੇ ਕੋਚਿਨ ਸ਼ਿਪਯਾਰਡ ਨੂੰ ਵਧਾਈ ਦਿੱਤੀ ਹੈ। ਰਾਹੁਲ ਨੇ ਇਸ ਪੇਸ਼ਕਦਮੀ ਨੂੰ ਦੇਸ਼ ਦੀ ਸਾਗਰੀ ਸੁਰੱਖਿਆ ਲਈ ਅਹਿਮ ਕਦਮ ਦੱਸਿਆ ਹੈ। ਸ੍ਰੀ ਗਾਂਧੀ ਨੇ ਟਵਿੱਟਰ ’ਤੇ ਏਅਰਕ੍ਰਾਫਟ ਕਰੀਅਰ ਦੀ ਤਸਵੀਰ ਵੀ ਸਾਂਝੀ ਕੀਤੀ। ਉਧਰ ਕਾਂਗਰਸ ਨੇ ਪਹਿਲੇ ਸਵਦੇਸ਼ੀ ਜੰਗੀ ਬੇੜੇ ਆਈਐੱਨਐੱਸ ਵਿਕਰਾਂਤ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਮਿਲ ਕੇ ਕੀਤੇ ਯਤਨਾਂ ਦਾ ਨਤੀਜਾ ਦੱਸਿਆ ਹੈ। ਕਾਂਗਰਸ ਨੇ ‘ਆਈਐੱਨਐੱਸ ਵਿਕਰਾਂਤ’ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਸਿਹਰਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਯੋਗਦਾਨ ਨੂੰ ਬਣਦਾ ਸਥਾਨ ਨਾ ਦੇ ਕੇ ‘ਪਾਖੰਡ’ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਦਾ ਅਗਸਤ 2013 ਵਿੱਚ ਆਈਐੱਨਐੱਸ ਵਿਕਰਾਂਤ ਦਾ ਉਦਘਾਟਨ ਕਰਨ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿਉਂਕਿ ਮੋਦੀ ਸਰਕਾਰ ਸੱਤਾ ਵਿੱਚ ਹੈ, ਇਸ ਲਈ ਉਹ ਇਹ ਏਅਰਕ੍ਰਾਫਟ ਕੈਰੀਅਰ ਦੇਸ਼ ਨੂੰ ਸਮਰਪਿਤ ਕਰ ਰਹੀ ਹੈ। ਰਮੇਸ਼ ਨੇ ਦੱਸਿਆ, ‘‘ਮੋਦੀ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਜਦੋਂ ਇਸ ਨੂੰ ਬੇੜੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਉਦੋਂ ਮੋਦੀ ਸੱਤਾ ਵਿੱਚ ਹਨ। ਸਚਾਈ ਇਹ ਹੈ ਕਿ ਕਈ ਸਾਲ ਪਹਿਲਾਂ ਆਈਐੱਨਐੱਸ ਵਿਕਰਾਂਤ ਨੂੰ ਏ.ਕੇ. ਐਂਟਨੀ ਨੇ ਰੱਖਿਆ ਮੰਤਰੀ ਹੁੰਦਿਆਂ ਲਾਂਚ ਕੀਤਾ ਸੀ। ਡਿਜ਼ਾਈਨ ਤੋਂ ਲੈ ਕੇ ਨਿਰਮਾਣ ਅਤੇ ਲਾਂਚ ਤੱਕ ਰਾਸ਼ਟਰ ਨੂੰ ਸਮਰਪਿਤ ਕਰਨ ਵਿੱਚ 22 ਸਾਲ ਲੱਗੇ ਹਨ। ਮੋਦੀ ਸਰਕਾਰ ਨੇ ਹੁਣ ਸਿਰਫ਼ ਇਸ ਨੂੰ ਬੇੜੇ ਵਿੱਚ ਸ਼ਾਮਲ ਕੀਤਾ ਹੈ ਅਤੇ ਉਹ ਇਸ ਦਾ ਸਿਹਰਾ ਲੈ ਰਹੀ ਹੈ।’’ ਉਨ੍ਹਾਂ ਕਿਹਾ, ‘‘ਇਸ ਲਈ ਇਹ ਨਿਰਾ ਪਾਖੰਡ ਹੈ, ਜੋ ਮੌਜੂਦਾ ਪ੍ਰਧਾਨ ਮੰਤਰੀ ਅਕਸਰ ਕਰਦੇ ਹਨ।’’ -ਪੀਟੀਆਈ