ਨਵੀਂ ਦਿੱਲੀ, 22 ਅਪਰੈਲ
ਯੂਰੋਪ ਜਾਣ ਵਾਲੇ ਭਾਰਤੀ ਯਾਤਰੀ ਹੁਣ ਪੰਜ ਸਾਲ ਤੱਕ ਦੇ ਮਲਟੀਪਲ ਐਂਟਰੀ ਸ਼ੈਨੇਗਨ ਵੀਜ਼ਾ ਲਈ ਅਪਲਾਈ ਕਰ ਸਕਣਗੇ। ਯੂਰਪੀਅਨ ਕਮਿਸ਼ਨ ਨੇ ਮੌਜੂਦਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਕਾਰਨ ਭਾਰਤੀਆਂ ਲਈ ਹੁਣ ਇਹ ਵੀਜ਼ਾ ਲੈਣਾ ਸੁਖਾਲਾ ਹੋਵੇਗਾ। ਭਾਰਤ ਵਿੱਚ ਯੂਰਪੀ ਯੂਨੀਅਨ ਦੇ ਰਾਜਦੂਤ ਹਰਵ ਡੈਲਫਿਨ ਨੇ ਨਵੀਂ ਵੀਜ਼ਾ ਪ੍ਰਣਾਲੀ ਨੂੰ ਦੇਸ਼ਾਂ ਦਰਮਿਆਨ ਲੋਕਾਂ ਦੇ ਸੰਪਰਕ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਦੱਸਿਆ ਹੈ। ਇਕ ਜਾਣਕਾਰੀ ਅਨੁਸਾਰ 18 ਅਪਰੈਲ ਨੂੰ ਯੂਰਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ’ਤੇ ਵਿਸ਼ੇਸ਼ ਨਿਯਮ ਅਪਣਾਏ ਹਨ, ਜੋ ਅੱਜ ਤੱਕ ਲਾਗੂ ਵੀਜ਼ਾ ਕੋਡ ਦੇ ਮਿਆਰੀ ਨਿਯਮਾਂ ਨਾਲੋਂ ਵਧੇਰੇ ਅਨੁਕੂਲ ਹਨ। ਦੱਸਣਯੋਗ ਹੈ ਕਿ ਸ਼ੈਨੇਗੇਨ ਖੇਤਰ ਵਿੱਚ 29 ਯੂਰਪੀਅਨ ਦੇਸ਼ ਸ਼ਾਮਲ ਹਨ ਜਿਨ੍ਹਾਂ ਵਿੱਚੋਂ 25 ਯੂਰਪੀਅਨ ਯੂਨੀਅਨ ਰਾਜ ਹਨ। -ਪੀਟੀਆਈ