ਨਵੀਂ ਦਿੱਲੀ, 6 ਮਾਰਚ
ਵਿਦੇਸ਼ਾਂ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਆਨਲਾਈਨ ਪੱਧਰ ’ਤੇ ਮੁਹਿੰਮ ਵਿੱਢੀ ਹੈ। ਉਹ ਆਪਣੇ ਯੂਕਰੇਨੀ ਸਾਥੀਆਂ ਲਈ ਟੈਕਸੀਆਂ, ਪੋਲੈਂਡ ਬਾਰਡਰ ਉਤੇ ਭੋਜਨ ਆਦਿ ਦਾ ਪ੍ਰਬੰਧ ਕਰਨ ਲਈ ਲਗਾਤਾਰ ਵਟਸਐਪ, ਟੈਲੀਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਐਪਸ ਉਤੇ ਸੁਨੇਹੇ ਪੋਸਟ ਕਰ ਰਹੇ ਹਨ। ਵੱਖ-ਵੱਖ ਦੇਸ਼ਾਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਸੋਸ਼ਲ ਮੀਡੀਆ ਗਰੁੱਪ ਵਿਚ ਜਾਣਕਾਰੀਆਂ ਪੋਸਟ ਕਰ ਰਹੇ ਹਨ।ਵਾਲੰਟੀਅਰ ਵਿਦਿਆਰਥੀ ਚੀਨ, ਉਜ਼ਬੇਕਿਸਤਾਨ ਤੇ ਫਿਲਪੀਨਜ਼ ਵਿਚ ਪੜ੍ਹ ਰਹੇ ਹਨ। ਕੁਝ ਆਪੋ-ਆਪਣੇ ਯੂਨੀਵਰਸਿਟੀ ਕੈਂਪਸ ਤੋਂ ਮਦਦ ਕਰ ਰਹੇ ਤੇ ਕੁਝ ਉਹ ਹਨ ਜੋ ਭਾਰਤ ਵਿਚ ਹੀ ਕੋਵਿਡ ਕਾਰਨ ਆਨਲਾਈਨ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਵੱਖ-ਵੱਖ ਦੇਸ਼ਾਂ ਦੇ ਮੈਡੀਕਲ ਵਿਦਿਆਰਥੀਆਂ ਨਾਲ ਜੁੜੇ ਹੋਏ ਹਨ ਕਿਉਂਕਿ ਵਿਦੇਸ਼ ਜਾਣ ਤੋਂ ਪਹਿਲਾਂ ਇਕੋ ਥਾਂ ਕੋਚਿੰਗ ਲੈ ਚੁੱਕੇ ਹਨ। ਚੀਨ ਦੀ ਹਾਰਬਿਨ ਮੈਡੀਕਲ ’ਵਰਸਿਟੀ ਦੇ ਵਿਦਿਆਰਥੀ ਪੀ. ਸ਼ਰਮਾ ਨੇ ਦੱਸਿਆ ਕਿ ਉਹ ਫੌਰਨ ਮੈਡੀਕਲ ਗ੍ਰੈਜੂਏਟ ਐਗਜ਼ਾਮੀਨੇਸ਼ਨ (ਐਫਐਮਜੀਈ) ਬਾਰੇ ਨੋਟਸ ਤੇ ਜਾਣਕਾਰੀ ਵੀ ਇਨ੍ਹਾਂ ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਹੀ ਸਾਂਝੀ ਕਰਦੇ ਰਹਿੰਦੇ ਹਨ। ਇਹ ਪ੍ਰੀਖਿਆ ਭਾਰਤ ਵਿਚ ਪ੍ਰੈਕਟਿਸ ਕਰਨ ਲਈ ਦੇਣੀ ਪੈਂਦੀ ਹੈ। ਹੁਣ ਉਹ ਇਨ੍ਹਾਂ ਗਰੁੱਪਾਂ ਨੂੰ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਵਰਤ ਰਹੇ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਹੁਣ 5 ਹਜ਼ਾਰ ਸਬਸਕ੍ਰਾਈਬਰ ਹਨ ਤੇ ਇਹ ਇਕ ਤਰ੍ਹਾਂ ਦਾ ਵਾਰ ਰੂਮ ਹੀ ਬਣ ਗਿਆ ਹੈ। ਪੰਦਰਾਂ ਮਿੰਟ ਵਿਚ 100 ਸੁਨੇਹੇ ਆਉਂਦੇ ਹਨ ਤੇ ਵਿਦਿਆਰਥੀਆਂ ਨੇ ਮਦਦ ਲਈ ਆਪੋ-ਆਪਣੇ ਖੇਤਰ ਵੰਡ ਲਏ ਹਨ। ਚੀਨ ਵਿਚ ਹੀ ਪੜ੍ਹ ਰਹੀ ਰੁਚਿਤਾ ਨੇ ਦੱਸਿਆ ਕਿ ਜਦ ਵੀ ਕੋਈ ਸੁਰੱਖਿਅਤ ਘਰ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਹੋਰ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿਚ ਕਈ ਵਾਰ ਵਿਦਿਆਰਥੀਆਂ ਦੇ ਫੋਨ ਦੀ ਬੈਟਰੀ ਮੁੱਕਣ ਤੇ ਰੇਂਜ ਨਾ ਹੋਣ ਕਾਰਨ ਮੁਸ਼ਕਲ ਆਉਂਦੀ ਹੈ। -ਪੀਟੀਆਈ