ਇੰਦੌਰ (ਮੱਧ ਪ੍ਰਦੇਸ਼), 24 ਫਰਵਰੀ
ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਨੇ ਇਦੌਰ ਵਿੱਚ ਰਹਿਣ ਵਾਲੇ ਆਪਣੇ ਮਾਪਿਆਂ ਨੂੰ ਵੀਰਵਾਰ ਨੂੰ ਆਪਬੀਤੀ ਸੁਣਾਈ। ਉਸ ਨੇ ਕਿਹਾ ਕਿ ਯੂਕਰੇਨ ਵਿੱਚ ਭੈਅ ਤੇ ਅਫਰਾ-ਤਫਰੀ ਵਾਲਾ ਮਾਹੌਲ ਹੈ ਤੇ ਦੁਕਾਨਾਂ ਵਿੱਚ ਰਾਸ਼ਨ ਤੇ ਏਟੀਐੱਮਜ਼ ਵਿੱਚ ਨਕਦੀ ਖਤਮ ਹੋ ਗਈ ਹੈ। ਮੈਡੀਕਲ ਦੀ ਪੜ੍ਹਾਈ ਕਰ ਰਹੇ ਅਨੀਸ਼ ਚੰਦਰਾ (22) ਨੇ ਦੱਸਿਆ ਕਿ ਉਸ ਦੇ ਘਰ ਤੋਂ ਪੰਜ ਕਿਲੋਮੀਟਰ ਦੂਰ ਬੰਬ ਧਮਾਕਾ ਹੋਇਆ ਹੈ। ਇਸੇ ਦੌਰਾਨ ਅਨੀਸ਼ ਦੇ ਪਿਤਾ ਅਮਰੇਸ਼ ਕੁਮਾਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਅਨੀਸ਼ ਨੇ 26 ਫਰਵਰੀ ਨੂੰ ਭਾਰਤ ਆਉਣਾ ਸੀ ਪਰ ਰੂਸੀ ਹਮਲੇ ਕਾਰਨ ਯੂਕਰੇਨ ਤੋਂ ਉਡਾਨਾਂ ਰੱਦ ਹੋ ਗਈਆਂ ਹਨ ਤੇ ਭਾਰਤ ਸਰਕਾਰ ਨੂੰ ਵਿਦਿਆਰਥੀਆਂ ਦੀ ਮਦਦ ਲਈ ਬਹੁੜਨਾ ਚਾਹੀਦਾ ਹੈ। -ਪੀਟੀਆਈ