ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 25 ਨਵੰਬਰ
ਭਾਰਤ ਨੇ ਇਕ ਅਮਰੀਕੀ ਕੰਪਨੀ ਤੋਂ ਵਿਸ਼ਵ ਦੇ ‘ਸਭ ਤੋਂ ਘਾਤਕ’ ਡਰੋਨਾਂ ’ਚ ਸ਼ੁਮਾਰ ਡਰੋਨਾਂ ਦਾ ਇਕ ਜੋੜਾ ਲੀਜ਼ ’ਤੇ ਲਿਆ ਹੈ। ‘ਪ੍ਰੀਡੇਟਰਜ਼’ ਲੜੀ ਦੇ ਇਨ੍ਹਾਂ ਦੋਵਾਂ ਡਰੋਨਾਂ ਦਾ ਨਿਰਮਾਣ ਅਮਰੀਕੀ ਕੰਪਨੀ ਜਨਰਲ ਐਟੋਮਿਕਜ਼ ਵੱਲੋਂ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਲੀਜ਼ ਲਈ ਕੰਪਨੀ ਨਾਲ ਸਿੱਧਾ ਰਾਬਤਾ ਕੀਤਾ ਗਿਆ ਹੈ। ਭਾਰਤੀ ਜਲਸੈਨਾ ਨੂੰ ਪ੍ਰੀਡੇਟਰ ਲੜੀ ਦੇ ਡਰੋਨਾਂ ਦਾ ‘ਸੀਅ ਗਾਰਡੀਅਨ’ (ਸਾਗਰ ਦੇ ਰਾਖੇ) ਵਾਲਾ ਸੰਸਕਰਨ ਮਿਲੇਗਾ। ਅਮਰੀਕੀ ਜਲਸੈਨਾ ਵੀ ਡਰੋਨਾਂ ਦੀ ਇਸੇ ਕਿਸਮ ਨੂੰ ਵਰਤਦੀ ਹੈ। ਡਰੋਨ ਚੇਨੱਈ ਨੇੜੇ ਭਾਰਤੀ ਜਲਸੈਨਾ ਦੇ ਸਟੇਸ਼ਨ ਆਈਐੱਨਐੱਸ ਰਾਜਾਲੀ ਪੁੱਜ ਗਏ ਹਨ ਤੇ ਲੀਜ਼ ਦੀ ਮਿਆਦ ਇਕ ਸਾਲ ਹੋਵੇਗੀ।