ਨਵੀਂ ਦਿੱਲੀ, 10 ਫਰਵਰੀ
ਭਾਰਤੀ ਜਲ ਸੈਨਾ ਵੱਲੋਂ ਆਗਾਮੀ ਬਹੁਦਿਸ਼ਾਵੀ ਗੁੰਝਲਦਾਰ ਪ੍ਰਸਥਿਤੀਆਂ ਦੇ ਮੱਦੇਨਜ਼ਰ ਆਪਣੀ ਜੰਗੀ ਤਿਆਰੀ ਪਰਖਣ ਲਈ ਹਿੰਦ ਮਹਾਸਾਗਰ ਦੇ ਵਿਸ਼ਾਲ ਭੂਗੋਲਿਕ ਖੇਤਰ ’ਚ ਆਪਣੇ ਸਾਰੇ ਸਾਧਨਾਂ ਜਿਵੇਂ ਜੰਗੀ ਬੇੜਿਆਂ, ਪਣਡੁੱਬੀਆਂ ਅਤੇ ਹਵਾਈ ਜਹਾਜ਼ਾਂ ਨਾਲ ਜੰਗੀ ਅਭਿਆਸ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦੋ ਸਾਲਾਂ ਬਾਅਦ ਹੋਣ ਵਾਲੀ ਇਸ ‘ਥਿਏਟਰ ਲੈਵਲ ਅਪਰੇਸ਼ਨਲ ਰੈਡੀਨੈੱਸ ਐਕਸਰਸਾਈਜ਼’ (ਟੀਆਰਓਪੀਈਐਕਸ) ਦਾ ਉਦੇਸ਼ ਜਲ ਸੈਨਾ ਦੀ ਹਮਲਾਵਰ ਤੇ ਬਚਾਅ ਸਮਰੱਥਾ ਨੂੰ ਪਰਖਣਾ, ਸਮੁੰਦਰੀ ਹੱਦ ’ਚ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਕਰਨਾ ਅਤੇ ਹਿੰਦ ਮਹਾਸਾਗਰ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਹੈ। ਜਲ ਸੈਨਾ ਨੇ ਦੱਸਿਆ, ‘ਭਾਰਤੀ ਜਲ ਸੈਨਾ ਦੀ ਸਭ ਤੋਂ ਵੱਡਾ ਜੰਗੀ ਅਭਿਆਸ ਟੀਆਰਓਪੀਈਐਕਸ-21, ਜੋ ਜਨਵਰੀ ਦੇ ਸ਼ੁਰੂ ’ਚ ਆਰੰਭ ਹੋਇਆ, ਹੁਣ ਜਲ ਸੈਨਾ ਦੀਆਂ ਸਾਰੀਆਂ ਅਪਰੇਸ਼ਨਲ ਯੂਨਿਟਾਂ ਜਿਵੇਂ ਜਹਾਜ਼ਾਂ, ਪਣਡੁੱਬੀਆਂ, ਹਵਾਈ ਜਹਾਜ਼ਾਂ ਤੋਂ ਇਲਾਵਾ ਥਲ ਸੈਨਾ, ਹਵਾਈ ਸੈਨਾ ਤੇ ਤੱਟ ਰੱਖਿਅਕਾਂ ਦੀਆਂ ਸਾਰੀਆਂ ਯੂਨਿਟਾਂ ਦੀ ਸ਼ਮੂਲੀਅਤ ਨਾਲ ਚੱਲ ਰਿਹਾ ਹੈ।’ ਅਧਿਕਾਰੀਆਂ ਮੁਤਾਬਕ ਇਹ ਅਭਿਆਸ ਫਰਵਰੀ ਦੇ ਤੀਜੇ ਹਫ਼ਤੇ ’ਚ ਖਤਮ ਹੋਵੇਗਾ।’ -ਪੀਟੀਆਈ