ਨਵੀਂ ਦਿੱਲੀ, 13 ਅਪਰੈਲ
‘ਮੂਡੀਜ਼’ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਭਾਰਤ ਦੀ ਵਿਕਾਸ ਦਰ ਲਈ ਪਹਿਲਾਂ ਲਾਏ ਗਏ ਅਨੁਮਾਨਾਂ ਬਾਰੇ ਸ਼ੰਕੇ ਪੈਦਾ ਹੋਏ ਹਨ। ਪਰ ਫਿਰ ਵੀ ਪਿਛਲੇ ਸਾਲ ਦੇ ਨੀਵੇਂ ਪੱਧਰ ਦੇ ਮੱਦੇਨਜ਼ਰ ਜੀਡੀਪੀ ਵਾਧਾ ਦਰ ਦੋਹਰੇ ਅੰਕਾਂ ਵਿਚ ਰਹਿ ਸਕਦੀ ਹੈ। ‘ਮੂਡੀਜ਼’ ਨੇ ਕਿਹਾ ਕਿ ਵਾਇਰਸ ਦਾ ਖ਼ਤਰਾ ਵਧਣ ਨਾਲ ਆਰਥਿਕ ਗਤੀਵਿਧੀਆਂ ਉਤੇ ਅਸਰ ਪਵੇਗਾ। ਉਨ੍ਹਾਂ ਉਮੀਦ ਜਤਾਈ ਕਿ ਲਾਗ਼ ਦੀ ਮੌਜੂਦਾ ਲਹਿਰ ਨਾਲ ਨਜਿੱਠਣ ਲਈ ਇਕ ਦੇਸ਼ ਵਿਆਪੀ ਲੌਕਡਾਊਨ ਦੇ ਉਲਟ ਛੋਟੇ-ਛੋਟੇ ਕੰਟੇਨਮੈਂਟ ਜ਼ੋਨਾਂ ਉਤੇ ਜ਼ੋਰ ਦਿੱਤਾ ਜਾਵੇਗਾ। ਇਸ ਨਾਲ 2020 ਦੇ ਮੁਕਾਬਲੇ ਆਰਥਿਕ ਗਤੀਵਿਧੀਆਂ ਘੱਟ ਪ੍ਰਭਾਵਿਤ ਹੋਣਗੀਆਂ। ‘ਮੂਡੀਜ਼ ਇਨਵੈਸਟਰ ਸਰਵਿਸ’ ਮੁਤਾਬਕ ਭਾਰਤ ਵਿਚ ਵਾਇਰਸ ਦੀ ਘੱਟ ਮੌਤ ਦਰ ਅਤੇ ਵੱਡੀ ਨੌਜਵਾਨ ਅਬਾਦੀ ਵੀ ਜੋਖ਼ਮ ਨੂੰ ਘੱਟ ਕਰਨ ਵੀ ਮਦਦ ਕਰਦੀ ਹੈ। 2020 ਵਿਚ ਆਰਥਿਕ ਗਤੀਵਿਧੀਆਂ ਦੇ ਹੇਠਲੇ ਪੱਧਰ ਦੇ ਮੱਦੇਨਜ਼ਰ ਜੀਡੀਪੀ ਦੇ ਹਾਲੇ ਵੀ ਦੋ ਅੰਕ ਹੋਰ ਵਧਣ ਦੀ ਸੰਭਾਵਨਾ ਜਤਾਈ ਗਈ ਹੈ। ‘ਮੂਡੀਜ਼’ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਵਾਇਰਸ ਦੀ ਦੂਜੀ ਲਹਿਰ ਨਾਲ ਆਰਥਿਕ ਸੁਧਾਰਾਂ ਬਾਰੇ ਕੁਝ ਜੋਖ਼ਮ ਪੈਦਾ ਹੋਏ ਹਨ, ਪਰ ਸੇਧਿਤ ਰੋਕਥਾਮ ਦੇ ਉਪਾਅ ਅਤੇ ਤੇਜ਼ੀ ਨਾਲ ਟੀਕਾਕਰਨ ਨਾਲ ਨਕਾਰਾਤਮਕ ਅਸਰ ਘੱਟ ਹੋਵੇਗਾ। -ਪੀਟੀਆਈ