ਮੁੰਬਈ, 21 ਮਾਰਚ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਭਾਰਤੀ ਅਰਥਵਿਵਸਥਾ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਬਿਹਤਰ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਮਗਰੋਂ ਕੱਚੇ ਤੇਲ ਅਤੇ ਮੁੱਖ ਵਸਤੂਆਂ ਦੀਆਂ ਕੀਮਤਾਂ ਵਧੀਆਂ ਹਨ, ਜਿਸ ਕਾਰਨ ਅਰਥਵਿਵਸਥਾ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਆਰਬੀਆਈ ਅਰਥਵਿਵਸਥਾ ਦੀ ਲੋੜ ਲਈ ਲੋੜੀਂਦਾ ਫੰਡ ਮੁਹੱਈਆ ਕਰਵਾਉਣਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਮਾਰਚ 2020 ਵਿੱਚ ਕਰੋਨਾ ਮਹਾਮਾਰੀ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋਈ ਸੀ। ਰਿਜ਼ਰਵ ਬੈਂਕ ਨੇ ਪਿਛਲੇ ਦੋ ਸਾਲਾਂ ਵਿੱਚ ਅਰਥਵਿਵਸਥਾ ਵਿੱਚ 17 ਲੱਖ ਕਰੋੜ ਰੁਪਏ ਪਾਏ ਹਨ। ਉਨ੍ਹਾਂ ਉਦਯੋਗ ਜਗਤ ਨੂੰ ਭਰੋਸਾ ਦਿੱਤਾ ਕਿ ਆਰਬੀਆਈ ਇਹ ਯਕੀਨੀ ਬਣਾਉਣਾ ਜਾਰੀ ਰੱਖੇਗੀ ਕਿ ਅਰਥਵਿਵਸਥਾ ਫੰਡਾਂ ਨਾਲ ਚੰਗੀ ਤਰ੍ਹਾਂ ਲੈਸ ਰਹੇ। -ਪੀਟੀਆਈ