ਨਵੀਂ ਦਿੱਲੀ, 4 ਅਗਸਤ
ਵਿੱਤ ਮੰਤਰਾਲੇ ਨੇ ਅੱਜ ਇੱਕ ਰਿਪੋਰਟ ’ਚ ਕਿਹਾ ਹੈ ਕਿ ਭਾਰਤੀ ਅਰਥਚਾਰੇ ਲਈ ਮਾੜਾ ਦੌਰ ਲੰਘ ਚੁੱਕਾ ਹੈ ਅਤੇ ਬਿਹਤਰ ਮੌਨਸੂਨ ਦੀ ਸੰਭਾਵਨਾ ਨੂੰ ਦੇਖਦਿਆਂ ਖੇਤੀ ਸੈਕਟਰ ਕਰੋਨਾਵਾਇਰਸ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਉਭਾਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ।
ਆਰਥਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਜਾਰੀ ਜੁਲਾਈ ਮਹੀਨੇ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪਰੈਲ ਦੇ ਸੰਕਟ ਤੋਂ ਬਾਅਦ ਭਾਰਤੀ ਅਰਥਚਾਰਾ ਲੀਹ ’ਤੇ ਆ ਰਿਹਾ ਹੈ। ਇਸ ’ਚ ਸਰਕਾਰ ਤੇ ਕੇਂਦਰੀ ਬੈਂਕ ਦੀਆਂ ਨੀਤੀਆਂ ਤੋਂ ਹਮਾਇਤ ਮਿਲ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ‘ਅਣਲੌਕ’ ਦੇ ਗੇੜ ’ਚ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਰਥਚਾਰੇ ਦਾ ਮਾੜਾ ਸਮਾਂ ਲੰਘ ਗਿਆ ਹੈ। ਰਿਪੋਰਟ ਅਨੁਸਾਰ ਕੋਵਿਡ-19 ਦੇ ਮਾਮਲਿਆਂ ’ਚ ਲਗਾਤਾਰ ਹੋ ਰਿਹਾ ਵਾਧਾ ਤੇ ਇਸ ਕਾਰਨ ਸੂਬਿਆਂ ਵੱਲੋਂ ਕੁਝ-ਕੁਝ ਦਿਨਾਂ ਲਈ ਲਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਸੁਧਾਰ ਦੀਆਂ ਸੰਭਾਵਨਾਵਾਂ ਕਮਜ਼ੋਰ ਪੈ ਰਹੀਆਂ ਹਨ। ਅਜਿਹੇ ’ਚ ਲਗਾਤਾਰ ਨਿਗਰਾਨੀ ਦੀ ਲੋੜ ਹੈ। ਰਿਪੋਰਟ ’ਚ ਹਾਲਾਂਕਿ ਖੇਤੀ ਖੇਤਰ ’ਤੇ ਭਰੋਸਾ ਜਤਾਇਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2020-21 ’ਚ ਭਾਰਤੀ ਅਰਥਚਾਰੇ ਨੂੰ ਕੋਵਿਡ-19 ਦੇ ਝਟਕਿਆਂ ’ਚੋਂ ਉਭਾਰਨ ਲਈ ਖੇਤੀ ਖੇਤਰ ਦੀ ਮਹੱਤਵਪੂਰਨ ਭੂਮਿਕਾ ਰਹੇਗੀ।
ਰਿਪੋਰਟ ਅਨੁਸਾਰ ਖੇਤੀ ਖੇਤਰ ਨੂੰ ਲੌਕਡਾਊਨ ਤੋਂ ਜਲਦੀ ਤੇ ਸਹੀ ਸਮੇਂ ’ਤੇ ਛੋਟ ਦਿੱਤੀ ਗਈ ਸੀ ਜਿਸ ਕਾਰਨ ਹਾੜੀ ਦੀਆਂ ਫਸਲਾਂ ਦੀ ਕਟਾਈ ਸਮੇਂ ਸਿਰ ਹੋ ਸਕੀ ਅਤੇ ਨਾਲ ਹੀ ਸਾਉਣੀ ਦੀਆਂ ਫਸਲਾਂ ਦੀ ਬਿਜਾਂਦ ਹੋ ਸਕੀ। ਰਿਪੋਰਟ ਅਨੁਸਾਰ ਕਣਕ ਦੀ ਰਿਕਾਰਡ ਖਰੀਦ ਨਾਲ ਕਿਸਾਨਾਂ ਦੇ ਹੱਥਾਂ ’ਚ 75 ਹਜ਼ਾਰ ਕਰੋੜ ਰੁਪਏ ਗਏ ਹਨ ਜਿਸ ਨਾਲ ਪੇਂਡੂ ਇਲਾਕਿਆਂ ’ਚ ਨਿੱਜੀ ਖਪਤ ਵਧਾਉਣ ’ਚ ਮਦਦ ਮਿਲੇਗੀ। -ਪੀਟੀਆਈ