ਨਵੀਂ ਦਿੱਲੀ, 13 ਜੁਲਾਈ
ਕੰਧਾਰ ਦਾ ਇਲਾਕਾ ਜਿੱਥੇ ਭਾਰਤੀ ਕੌਂਸਲੇਟ ਸਥਿਤ ਹੈ, ਉਸ ’ਤੇ ਤਾਲਿਬਾਨ ਦਾ ਕਬਜ਼ਾ ਨਹੀਂ ਹੈ ਅਤੇ ਭਾਰਤੀ ਕੌਂਸਲੇਟ ਅਜੇ ਵੀ ਖੁੱਲ੍ਹਾ ਹੈ। ਇਹ ਜਾਣਕਾਰੀ ਕੰਧਾਰ ਗਵਰਨਰ ਦੇ ਬੁਲਾਰੇ ਬਸ਼ੀਰ ਅਹਿਮਦੀ ਨੇ ਦਿੱਤੀ।
ਉਨ੍ਹਾਂ ਇੱਕ ਟੀਵੀ ਚੈਨਲ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ ਪਰ ਉਹ ਇਲਾਕਾ ਜਿੱਥੇ ਭਾਰਤੀ ਮਿਸ਼ਨ ਸਥਿਤ ਹੈ, ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਪਾਕਿਸਤਾਨ ਤੇ ਇਰਾਨ ਦੇ ਕੌਂਸਲੇਟ ਵੀ ਸਥਿਤ ਹਨ ਤੇ ਉਹ ਵੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਕੰਧਾਰ ’ਚ ਭਾਰਤੀ ਕੌਂਸਲੇਟ ਬੰਦ ਹੋਣ ਦੀਆਂ ਖ਼ਬਰਾਂ ਗ਼਼ਲਤ ਹਨ ਤੇ ਭਾਰਤੀ ਮਿਸ਼ਨ ਅਜੇ ਵੀ ਖੁੱਲ੍ਹਾ ਹੈ ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਧਾਰ ’ਚ ਸੁਰੱਖਿਆ ਦੇ ਹਾਲਾਤ ਖਰਾਬ ਹੋਣ ਕਾਰਨ ਭਾਰਤੀ ਅੰਬੈਸੀ ਦਾ ਕੁਝ ਅਮਲਾ ਬਾਹਰ ਕੱਢਿਆ ਗਿਆ ਹੈ ਪਰ ਕੌਂਸਲੇਟ ਦੀਆਂ ਐਮਰਜੈਂਸੀ ਸੇਵਾਵਾਂ ਅਜੇ ਵੀ ਜਾਰੀ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ ਕੰਧਾਰ ’ਚ ਭਾਰਤੀ ਮਿਸ਼ਨ ਦਾ ਸਥਾਨਕ ਅਮਲਾ ਅਜੇ ਵੀ ਦਫ਼ਤਰ ਜਾ ਰਿਹਾ ਹੈ ਅਤੇ ਕੁਝ ਐਮਰਜੈਂਸੀ ਸੇਵਾਵਾਂ ਅਜੇ ਵੀ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੰਧਾਰ ’ਚ ਅਤਿਵਾਦੀ ਹਮਲੇ ਵਧਣ ਕਾਰਨ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਆਰਜ਼ੀ ਤੌਰ ’ਤੇ ਆਪਣੇ ਕੂਟਨੀਤਕ ਇੱਥੋਂ ਕੱਢ ਲਏ ਹਨ। ਅਹਿਮਦੀ ਨੇ ਕਿਹਾ ਕਿ ਇਲਾਕੇ ’ਚ ਵਾਧੂ ਦਸਤੇ ਭੇਜੇ ਜਾ ਗਏ ਹਨ ਤੇ ਕੰਧਾਰ ’ਚ ਸੁਰੱਖਿਆ ਦਾ ਕੋਈ ਮਸਲਾ ਨਹੀਂ ਹੈ। ਤੱਖੜ ਸੂਬੇ ਦੇ ਗਵਰਨਰ ਅਬਦੁੱਲ੍ਹਾ ਕਾਰਲੁਕ ਨੇ ਕਿਹਾ ਕਿ ਦੁਸ਼ਮਣ ਦੇ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਵੀ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੁਸ਼ਮਣ ਦੇ 55 ਜਵਾਨ ਮਾਰੇ ਗਏ ਹਨ ਤੇ 90 ਜ਼ਖ਼ਮੀ ਹੋਏ ਹਨ। -ਪੀਟੀਆਈ