ਨਵੀਂ ਦਿੱਲੀ, 31 ਜਨਵਰੀ
ਭਾਰਤੀ ਤੱਟ ਰੱਖਿਅਕ ਬਲ (ਆਈਸੀਜੀ) ਵੱਲੋਂ ਬੀਤੇ ਸਾਲ ਭਾਰਤੀ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੈੱਡ) ਵਿੱਚ 1500 ਕਰੋੜ ਰੁਪਏ ਦਾ ਨਾਜਾਇਜ਼ ਮਾਲ ਜ਼ਬਤ ਕੀਤਾ ਗਿਆ ਅਤੇ 80 ਸ਼ਰਾਰਤੀ ਅਨਸਰਾਂ ਨਾਲ ਹੀ ਦਸ ਗ਼ੈਰ-ਕਾਨੂੰਨੀ ਵਿਦੇਸ਼ੀ ਕਿਸ਼ਤੀਆਂ ਵੀ ਫੜੀਆਂ ਗਈਆਂ। ਅਧਿਕਾਰਤ ਬਿਆਨ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਤੱਟ ਰੱਖਿਅਕ ਬਲ ਪਹਿਲੀ ਫਰਵਰੀ ਨੂੰ ਆਪਣਾ 45ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ।
ਤੱਟ ਰੱਖਿਅਕ ਬਲ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਸਿਰਫ਼ ਇੱਕ ਸਾਲ ਪਹਿਲਾਂ ਚੁੱਕੇ ਗਏ ਕਦਮਾਂ ਨਾਲ ਪਿਛਲੇ ਸਾਲ 11 ਚੱਕਰਵਾਤੀ ਤੂਫ਼ਾਨਾਂ ਦੌਰਾਨ ਮੱਛੀ ਫੜਨ ਵਾਲੀਆਂ ਛੇ ਹਜ਼ਾਰ ਕਿਸ਼ਤੀਆਂ ਅਤੇ 40 ਹਜ਼ਾਰ ਮਛੇਰਿਆਂ ਨੂੰ ਸੁਰੱਖਿਅਤ ਬਚਾਉਣ ਵਿੱਚ ਸਫਲਤਾ ਮਿਲੀ। ਇਸ ਨਾਲ ਸਮੁੰਦਰ ਵਿੱਚ ਜਾਨ-ਮਾਲ ਦੇ ਨੁਕਸਾਨ ਹੋਣ ਨੂੰ ਟਾਲਿਆ ਜਾ ਸਕਿਆ।’’ -ਪੀਟੀਆਈ