ਨਵੀਂ ਦਿੱਲੀ, 8 ਫਰਵਰੀ
ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਸਰਹੱਦ ਤਕ ਹੀ ਸੀਮਤ ਕਰ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ ਭਾਰਤੀ ਫੌਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ, ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਸਰਹੱਦ ਤਕ ਹੀ ਸੀਮਤ ਕਰ ਦਿੱਤਾ ਹੈ। ’’ ਰੱਖਿਆ ਮੰਤਰੀ ਨੇ ਦੱਸਿਆ, 2020 ਵਿੱਚ ਗੋਲੀਬੰਦੀ ਦੀ ਉਲੰਘਣਾ ਦੀਆਂ 4649 ਘਟਨਾਵਾਂ ਵਾਪਰੀਆਂ। ਪਾਕਿਸਤਾਨ ਦਾ ਅਜਿਹੀਆਂ ਕਾਰਵਾਈਆਂ ਪਿਛੇ ਮੰਤਵ ਭਾਰਤ ਦੀ ਸ਼ਾਂਤੀ ਵਿੱਚ ਅੜਿੱਕੇ ਪਾਉਣਾ ਹੈ। ’’ ਉਨ੍ਹਾਂ ਦੱਸਿਆ, ‘‘ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਰੋਕਣ ਲਈ ਭਾਰਤ ਲੋੜੀਂਦੇ ਕਦਮ ਚੁੱਕਦਾ ਹੈ।’ ਇਸ ਦਾ ਬਿਓਰਾ ਦੇਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਤਿਵਾਦੀਆਂ ਨੂੰ ਦਾਖਲ ਕਰਾਉਣ, ਕਈ ਵਾਰੀ ਦਹਿਸ਼ਤਗਰਦਾਂ ਨੂੰ ਇਥੋਂ ਕੱਢਣ ਲਈ ਅਤੇ ਭਾਰਤ ਦੀ ਸ਼ਾਂਤੀ ਵਿੱਚ ਅੜਿੱਕੇ ਪਾਉਣ ਲਈ ਉਹ ਸਰਹੱਦ ਪਾਰੋਂ ਗੋਲੀਬੰਦੀ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਮਾਕੂਲ ਜਵਾਬ ਦਿੱਤਾ ਜਾਂਦਾ ਹੈ।-ਏਜੰਸੀ