ਅਰੁਣ ਜੋਸ਼ੀ
ਜੰਮੂ, 4 ਸਤੰਬਰ
ਲੱਦਾਖ ਦੇ ਦੌਰੇ ’ਤੇ ਗਏ ਥਲ ਸੈਨਾ ਦੇ ਜਨਰਲ ਐੱਮਐੱਮ ਨਰਵਣੇ ਨੇ ਸ਼ੁੱਕਰਵਾਰ ਨੂੰ ਰਾਸ਼ਟਰ ਨੂੰ ਭਰੋਸਾ ਦਿੱਤਾ ਹੈ ਕਿ ਭਾਰਤੀ ਫੌਜ ਐਲਏਸੀ ‘ਤੇ ਚੌਕਸ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਇਹ ਚੀਨ ਨੂੰ ਸਪੱਸ਼ਟ ਚਿਤਾਵਨੀ ਹੈ ਕਿ ਉਹ ਜ਼ਰਾ ਜਿੰਨੀ ਹਿਮਾਕਤ ਕਰੇਗਾ ਤਾਂ ਉਸ ਦਾ ਢੁਕਵਾਂ ਜੁਆਬ ਦੇ ਦਿੱਤਾ ਜਾਵੇਗਾ। ਜਨਰਲ ਨਰਵਾਣੇ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ‘ਤੇ ਭਾਰਤੀ ਫੌਜ ਬੁਲੰਦ ਹੌਸਲੇ ਵਿੱਚ ਹੈ ਤੇ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਉਧਰ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੂਰਬੀ ਲੱਦਾਖ ਵਿਚ ਤਣਾਅ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਮੰਤਰੀ ਮੰਡਲ ਦੀ ਬੈਠਕ ਦੇ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਚੀਨੀ ਹਮਰੁਤਬਾ ਵੇਈ ਫੇਂਗੇ ਨਾਲ ਗੱਲਬਾਤ ਕਰਨਗੇ। ਪੂਰਬੀ ਲੱਦਾਖ ਵਿੱਚ ਮਈ ਦੇ ਸ਼ੁਰੂ ਵਿੱਚ ਸਰਹੱਦ ਦੀ ਤਣਾਅ ਵਧਣ ਤੋਂ ਬਾਅਦ ਦੋਵੇਂ ਪੱਖਾਂ ਦੀ ਪਹਿਲੀ ਉੱਚ ਪੱਧਰੀ ਬੈਠਕ ਹੋਵੇਗੀ।