ਨਵੀਂ ਦਿੱਲੀ, 27 ਜੂਨ
ਭਾਰਤੀ ਫੌਜ ਵਲੋਂ ਚੀਨ ਨਾਲ ਲੱਗਦੀ 3,488 ਕਿਲੋਮੀਟਰ ਲੰਬੀ ਸਰਹੱਦ ’ਤੇ ਇਹਤਿਆਤ ਵਜੋਂ ਵਧੇਰੇ ਜਵਾਨ ਅਤੇ ਲੜਾਕੂ ਸਮੱਗਰੀ ਲਿਜਾਈ ਗਈ ਹੈ। ਭਾਰਤ ਅਤੇ ਚੀਨ ਵਿਚਾਲੇ ਪਿਛਲੇ ਅੱਠ ਹਫ਼ਤਿਆਂ ਤੋਂ ਬਣੀ ਤਲਖ਼ੀ ਦੇ ਮੱਦੇਨਜ਼ਰ ਭਾਰਤ ਵਲੋਂ ਸਰਹੱਦ ’ਤੇ ਪਿਛਲੇ ਕੁਝ ਸਾਲਾਂ ਨਾਲੋਂ ਸਭ ਤੋਂ ਵੱਡੀ ਤਾਇਨਾਤੀ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਭਾਰਤੀ ਫੌਜ ਵਲੋਂ ਪੂਰਬੀ ਲੱਦਾਖ ਖੇਤਰ ਵਿੱਚ ਤਿੰਨ ਹੋਰ ਡਿਵੀਜ਼ਨਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਅਸਲ ਕੰਟਰੋਲ ਰੇਖਾ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਸਕੇ। ਟੈਂਕਾਂ ਅਤੇ ਤੋਪਾਂ ਤੋਂ ਇਲਾਵਾ ਫੌਜ ਵਲੋਂ ਆਪਣੀਆਂ ਆਧੁਨਿਕ ਅਤੇ ਤੇਜ਼ ਰਫ਼ਤਾਰ ਵਾਲੀਆਂ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਜਿਨ੍ਹਾਂ ’ਚ ਆਕਾਸ਼ ਮਿਜ਼ਾਈਲ ਵੀ ਸ਼ਾਮਲ ਹੈ, ਤਾਇਨਾਤ ਕੀਤੀਆਂ ਗਈਆਂ ਹਨ। ਅਕਾਸ਼ ਮਿਜ਼ਾਈਲ ਤਕੜੇ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨੂੰ ਡੇਗਣ ਦੀ ਸਮਰੱਥਾ ਰੱਖਦੀ ਹੈ। ਇਹ ਕਿਹਾ ਗਿਆ ਸੀ ਕਿ ਚਾਰ ਹਫ਼ਤੇ ਪਹਿਲਾਂ ਇੱਕ ਅਹਿਮ ਡਿਵੀਜ਼ਨ ਨੇ ਊੱਚੇ ਪਹਾੜੀ ਖੇਤਰਾਂ ਦੇ ਅਨੁਕੂਲ ਲੜਾਈ ਸ਼ੁਰੂ ਕੀਤੀ ਸੀ ਅਤੇ ਦੋ ਹਫ਼ਤਿਆਂ ਬਾਅਦ, ਇਸ ਦੇ ਕੁਝ ਹਿੱਸਿਆਂ ਨੂੰ 18 ਹਜ਼ਾਰ ਫੁੱਟ ਊੱਚੇ ਦੇਸਪਾਂਗ ਦੇ ਮੈਦਾਨੀ ਇਲਾਕੇ, ਜੋ ਗਲਵਾਨ ਵਾਦੀ ਦੇ ਊੱਤਰ ਵਿੱਚ ਪੈਂਦੇ ਹਨ, ਵਿੱਚ ਤਾਇਨਾਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਰਿਜ਼ਰਵ ਬਲਾਂ ਨੂੰ ਮੂਹਰਲੀਆਂ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਚੀਨ ਦੇ ਮੇਚ ਦੀ ਤਾਇਨਾਤੀ ਕੀਤੀ ਜਾ ਸਕੇ।
ਭਾਰਤ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਨੂੰ ਤਾਇਨਾਤੀ ਬਾਰੇ ਪੁੱਛੇ ਜਾਣ ’ਤੇ ਊਨ੍ਹਾਂ ਕਿਹਾ, ‘‘ਚੀਨ ਮਗਰੋਂ ਭਾਰਤ ਨੇ ਤਾਇਨਾਤੀ ਕੀਤੀ ਹੈ।’’ ਇਸ ਸਬੰਧੀ ਭਾਰਤੀ ਫੌਜ ਦੇ ਤਰਜਮਾਨ ਕਰਨਲ ਅਮਨ ਆਨੰਦ ਨਾਲ ਗੱਲ ਨਹੀਂ ਹੋ ਸਕੀ।
ਵੱਖਰੇ ਖੇਤਰ ਵਿੱਚ ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਭਾਰਤੀ ਹਵਾਈ ਫੌਜ ਨੇ ਲੱਦਾਖ ਲਈ ਕਈ ਐੱਸਏਜੀਡਬਲਿਯੂ ਸਿਸਟਮ ਤਾਇਨਾਤ ਕੀਤੇ ਹਨ। ਸਰਹੱਦ ’ਤੇ ਵਧੇਰੇ ਬਲਾਂ ਅਤੇ ਲੜਾਕੂ ਸਮੱਗਰੀ ਦੀ ਤਾਇਨਾਤੀ ਊਦੋਂ ਕੀਤੀ ਗਈ ਹੈ ਜਦੋਂ ਲੱਦਾਖ ਦੇ ਚੁਸ਼ੁਲ-ਮੋਲਡੋ ਵਿੱਚ ਫੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਵਿਚਾਲੇ ਖੜ੍ਹੋਤ ਆ ਗਈ ਹੈ।
ਪੂਰਬੀ ਲੱਦਾਖ ਦੇ ਚਾਰ ਮੁੱਖ ਖੇਤਰਾਂ — ਗਲਵਾਨ ਵਾਦੀ, ਹੌਟ ਸਪਰਿੰਗਜ਼, ਦੇਪਸਾਂਗ ਅਤੇ ਪੈਂਗੌਂਗ ਝੀਲ ’ਤੇ ਸਥਿਤੀ ਤਣਾਅਪੂਰਵਕ ਬਣੀ ਹੋਈ ਹੈ। ਪੈਂਗੌਂਗ ਝੀਲ ’ਤੇ ਚੀਨੀ ਦਸਤੇ ਫਿੰਗਰ 4 ਤੱਕ ਆ ਗਏ ਹਨ, ਜਿੱਥੇ ਊਹ ਆਪਣੇ 120 ਵਾਹਨ ਅਤੇ ਦਰਜਨਾਂ ਕਿਸ਼ਤੀਆਂ ਲੈ ਆਏ ਹਨ। ਚੀਨੀ ਫੌਜਾਂ ਨੇ ਗਲਵਾਨ ਦੇ ਪੂਰਬ ਵਿੱਚ ਦੇਪਸਾਂਗ ਬੱਲਜ ਨੇੜਲੇ ਖੇਤਰ ਵਿੱਚ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਊਨ੍ਹਾਂ ਨੇ ਊੱਥੇ ਕੈਂਪ ਸਥਾਪਤ ਕਰ ਲਏ ਹਨ ਅਤੇ ਕਈ ਵਾਹਨਾਂ ਤੇ ਦਸਤਿਆਂ ਦੀ ਤਾਇਨਾਤੀ ਕਰ ਦਿੱਤੀ ਹੈ। ਚੀਨ ਨੇ ਗਲਵਾਨ ਵਿੱਚ ਗਸ਼ਤੀ ਪੁਆਇੰਟ 14, ਕੌਂਗਕਾ ਲਾ ਵਿੱਚ ਗਸ਼ਤ ਪੁਆਇੰਟ 15 ਅਤੇ ਹੌਟ ਸਪਰਿੰਗਜ਼ ਵਿੱਚ ਗਸ਼ਤ ਪੁਆਇੰਟ 17 ਵਿੱਚ ਵੱਡੇ ਦਸਤੇ ਤਾਇਨਾਤ ਕਰ ਦਿੱਤੇ ਹਨ। ਜਵਾਬ ਵਿੱਚ ਭਾਰਤੀ ਫੌਜ ਨੇ ਵੀ ਇਨ੍ਹਾਂ ਥਾਵਾਂ ’ਤੇ ਆਪਣੀ ਤਾਇਨਾਤੀ ਵਧਾਈ ਹੈ।
-ਆਈਏਐੱਨਐੱਸ