ਨਵੀਂ ਦਿੱਲੀ, 12 ਸਤੰਬਰ
ਭਾਰਤ ਅਤੇ ਚੀਨ ਦੀਆਂ ਫ਼ੌਜਾਂ ਨੇ ਸੋਮਵਾਰ ਨੂੰ ਪੂਰਬੀ ਲੱਦਾਖ ਵਿੱਚ ਗੋਗਰਾ-ਹੌਟਸਪ੍ਰਿੰਗਜ਼ ਖੇਤਰ ਵਿੱਚ ਗਸ਼ਤ ਚੌਕੀ-15 ਦੇ ਟਕਰਾਅ ਵਾਲੇ ਸਥਾਨ ਤੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ ਦੀ ਪੰਜ ਦਿਨਾ ਪ੍ਰਕਿਰਿਆ ਤਹਿਤ ਮੋਹਰੀ ਮੋਰਚਿਆਂ ਦੇ ਆਪਣੇ ਫ਼ੌਜੀਆਂ ਨੂੰ ਪਿਛਲੀਆਂ ਥਾਵਾਂ ’ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ, ਉਥੋਂ ਦੇ ਅਸਥਾਈ ਬੁਨਿਆਦੀ ਢਾਂਚੇ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਯੋਜਨਾ ਮੁਤਾਬਕ ਪਿੱਛੇ ਹੱਟ ਗਈਆਂ ਹਨ। ਇੱਕ ਸੂਤਰ ਨੇ ਕਿਹਾ ਕਿ ਪਿੱਛੇ ਹਟਣ ਅਤੇ ਪੁਸ਼ਟੀ ਦੀ ਪ੍ਰਕਿਰਿਆ ਬਾਰੇ ਸਥਾਨਕ ਕਮਾਂਡਰ ਤੋਂ ਪੂਰੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ ਗਸ਼ਤ ਚੌਕੀ-15 (ਪੀਪੀ-15) ਤੋਂ ਪਿੱਛੇ ਹੱਟ ਗਈਆਂ ਹਨ, ਪਰ ਡੈਮਚੋਕ ਅਤੇ ਦੇਪਸਾਂਗ ਖੇਤਰਾਂ ਵਿੱਚ ਟਕਰਾਅ ਨੂੰ ਹੱਲ ਕਰਨ ਸਬੰਧੀ ਅਜੇ ਤੱਕ ਕੋਈ ਪ੍ਰਗਤੀ ਨਹੀਂ ਹੋਈ।