ਨਵੀਂ ਦਿੱਲੀ, 8 ਅਕਤੂਬਰ
ਭਾਰਤੀ ਹਵਾਈ ਸੈਨਾ ਦੇ ਐਡਵਾਂਸਡ ਹਲਕੇ ਹੈਲੀਕਾਪਟਰ ਨੂੰ ਤਕਨੀਕੀ ਨੁਕਸ ਪੈਣ ਕਰਕੇ ਅੱਜ ਇਹਤਿਆਤ ਵਜੋਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਉਤਾਰਨਾ ਪਿਆ। ਸੈਨਾ ਦੇ ਤਰਜਮਾਨ ਨੇ ਕਿਹਾ ਕਿ ਹਵਾਈ ਅਮਲੇ ਵੱਲੋਂ ਹੰਗਾਮੀ ਹਾਲਾਤ ’ਚ ਵਿਖਾਈ ਫੁਰਤੀ ਕਰਕੇ ਹੈਲੀਕਾਪਟਰ ਸੁਰੱਖਿਅਤ ਹੇਠਾਂ ਉੱਤਰ ਗਿਆ। ਤਰਜਮਾਨ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਐਡਵਾਂਸਡ ਹਲਕੇ ਹੈਲੀਕਾਪਟਰ ਨੇ ਸਰਸਾਵਾ ਏਅਰ ਫੋਰਸ ਸਟੇਸ਼ਨ ਤੋਂ ਨਿਯਮਤ ਸਿਖਲਾਈ ਮਿਸ਼ਨ ਤਹਿਤ ਉਡਾਣ ਭਰੀ ਸੀ ਕਿ ਕੁਝ ਦੂਰੀ ’ਤੇ ਜਾ ਕੇ ਇਸ ਵਿੱਚ ਤਕਨੀਕੀ ਨੁਕਸ ਪੈ ਗਿਆ ਤੇ ਇਸ ਨੂੰ ਇਹਤਿਆਤੀ ਕਦਮਾਂ ਵਜੋਂ ਹਵਾਈ ਖੇਤਰ ਦੇ ਦੱਖਣ ਵਿੱਚ ਹੇਠਾਂ ਉੱਤਰਨਾ ਪਿਆ। -ਪੀਟੀਆਈ