ਨਵੀਂ ਦਿੱਲੀ, 5 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਮਿੱਥੇ ਸਮੇਂ ਤੋਂ ਪੰਜ ਮਹੀਨੇ ਪਹਿਲਾਂ ਹੀ ਪੈਟਰੋਲ ’ਚ 10 ਪ੍ਰਤੀਸ਼ਤ ਈਥਾਨੋਲ ਮਿਲਾਉਣ ਦਾ ਟੀਚਾ ਹਾਸਲ ਕਰ ਲਿਆ ਹੈ ਤੇ ਇਸ ਨਾਲ ਦੇਸ਼ ਵਿਚ ਕਰੀਬ 27 ਲੱਖ ਟਨ ਕਾਰਬਨ ਨਿਕਾਸੀ ਘੱਟ ਹੋਈ ਹੈ ਤੇ ਭਾਰਤ ਨੂੰ 41000 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਦੇਸ਼ੀ ਮੁਦਰਾ ਦੀ ਬੱਚਤ ਤੇ ਪਿਛਲੇ ਅੱਠ ਸਾਲਾਂ ਵਿਚ ਕਿਸਾਨਾਂ ਨੂੰ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਈ ਹੈ। ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਇੱਥੇ ਵਿਗਿਆਨ ਭਵਨ ਵਿਚ ‘ਮਿੱਟੀ ਬਚਾਓ ਅੰਦੋਲਨ’ ’ਤੇ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਵਿਚ ਭਾਰਤ ਦੀ ਭੂਮਿਕਾ ਨਾ ਦੇ ਬਰਾਬਰ ਹੋਣ ਦੇ ਬਾਵਜੂਦ ਵਾਤਾਵਰਨ ਦੀ ਰੱਖਿਆ ਲਈ ਦੇਸ਼ ਨੇ ਕਈ ਪਾਸੇ ਕੋਸ਼ਿਸ਼ਾਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪਣੀ ਊਰਜਾ ਉਤਪਾਦਨ ਸਮਰੱਥਾ ਦਾ 40 ਪ੍ਰਤੀਸ਼ਤ ਗੈਰ-ਜੈਵਿਕ ਈਂਧਨ ਅਧਾਰਿਤ ਸਰੋਤਾਂ ਤੋਂ ਹਾਸਲ ਕਰਨ ਦਾ ਟੀਚਾ ਰੱਖਿਆ ਸੀ ਤੇ ਉਸ ਟੀਚੇ ਨੂੰ ਦੇਸ਼ ਨੇ ਤੈਅ ਸਮੇਂ ਤੋਂ ਨੌਂ ਸਾਲ ਪਹਿਲਾਂ ਹਾਸਲ ਕਰ ਲਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ‘ਮਿੱਟੀ ਬਚਾਓ ਅੰਦੋਲਨ’ ਮਿੱਟੀ ਦੀ ਵਿਗੜਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਇਸ ਨੂੰ ਸੁਧਾਰਨ ਲਈ ਕਦਮ ਚੁੱਕਣ ਲਈ ਸ਼ੁਰੂ ਕੀਤਾ ਗਿਆ ਹੈ। ਅਧਿਆਤਮਕ ਗੁਰੂ ਜੱਗੀ ਵਾਸੂਦੇਵ ਨੇ ਮਾਰਚ 2022 ਵਿਚ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ 27 ਦੇਸ਼ਾਂ ਵਿਚੋਂ ਲੰਘ ਕੇ 100 ਦਿਨ ਦੀ ਮੋਟਰਸਾਈਕਲ ਯਾਤਰਾ ਸ਼ੁਰੂ ਕੀਤੀ ਸੀ। 100 ਦਿਨਾਂ ਦੀ ਇਸ ਯਾਤਰਾ ਦਾ ਅੱਜ 75ਵਾਂ ਦਿਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿਚ ਭਾਰਤ ’ਚ ਜੰਗਲਾਤ ਦਾ ਰਕਬਾ 20 ਹਜ਼ਾਰ ਵਰਗ ਕਿਲੋਮੀਟਰ ਤੋਂ ਵਧਿਆ ਹੈ। -ਪੀਟੀਆਈ
ਮੋਦੀ ਨੇ ਵਾਤਾਵਰਨ ਨਾਲ ਜੁੜੇ ਕਾਨੂੰਨ ਕਮਜ਼ੋਰ ਕੀਤੇ: ਕਾਂਗਰਸ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੋਗਲੀਆਂ ਨੀਤੀਆਂ ਅਪਨਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਵਿਚ ਵਾਤਾਵਰਨ ਤੇ ਜੰਗਲਾਤ ਨਾਲ ਸਬੰਧਤ ਸਾਰੇ ਕਾਨੂੰਨਾਂ ਨੂੰ ਕਮਜ਼ੋਰ ਕੀਤਾ ਹੈ, ਜਦਕਿ ਵਿਸ਼ਵ ਪੱਧਰ ’ਤੇ ਉਹ ਖ਼ੁਦ ਨੂੰ ਵਾਤਾਵਰਨ ਸੁਧਾਰਾਂ ਦੇ ਮਾਮਲੇ ਵਿਚ ‘ਚੈਂਪੀਅਨ’ ਵਜੋਂ ਪ੍ਰਚਾਰ ਰਹੇ ਹਨ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਵੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ। -ਪੀਟੀਆਈ