ਨਵੀਂ ਦਿੱਲੀ, 31 ਮਈ
ਸਰਕਾਰ ਵੱੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਭਾਰਤ ਦੀ ਵਿਕਾਸ ਦਰ 2020-21 ਦੀ ਚੌਥੀ ਤਿਮਾਹੀ ਜਨਵਰੀ ਮਾਰਚ ਦੌਰਾਨ 1.6 ਫੀਸਦ ਦੀ ਦਰ ਨਾਲ ਵਧੀ, ਜਦੋਂਕਿ ਪੂਰੀ ਵਿੱਤੀ ਸਾਲ ਦੌਰਾਨ ਜੀਡੀਪੀ ਵਿੱਚ 7.3 ਫੀਸਦ ਦਾ ਨਿਘਾਰ ਵੇਖਣ ਨੂੰ ਮਿਲਿਆ। ਹਾਲਾਂਕਿ ਜਨਵਰੀ ਮਾਰਚ 2021 ਦੌਰਾਨ ਵਿਕਾਸ ਦਰ ਇਸ ਤੋਂ ਪਿਛਲੀ ਤਿਮਾਹੀ ਅਕਤੂਬਰ ਦਸੰਬਰ 2020 ਦੇ 0.5 ਫੀਸਦ ਵਾਧੇ ਦੇ ਮੁਕਾਬਲੇ ਬਿਹਤਰ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ 2019-20 ਵਿੱਚ ਜਨਵਰੀ-ਮਾਰਚ ਤਿਮਾਹੀ ਦੌਰਾਨ ਕੁਲ ਘਰੇਲੂ ਉਤਪਾਦ ਜੀਡੀਪੀ ਵਿੱਚ ਤਿੰਨ ਫੀਸਦ ਦਾ ਵਾਧਾ ਹੋਇਆ। ਅੰਕੜਿਆਂ ਮੁਤਾਬਕ ਭਾਰਤੀ ਅਰਥਚਾਰੇ ਦੇ ਆਕਾਰ ਵਿੱਚ 2020-21 ਦੌਰਾਨ 7.3 ਫੀਸਦ ਸੁੰਘੜਿਆ, ਜਦੋਂਕਿ ਇਸ ਤੋਂ ਪਿਛਲੇ ਵਿੱਤੀ ਸਾਲ ਵਿੱਚ ਅਰਥਚਾਰਾ 4 ਫੀਸਦ ਦੀ ਦਰ ਨਾਲ ਵਧਿਆ ਸੀ। ਐੱਨਐੱਸਓ ਨੇ ਇਸ ਸਾਲ ਜਨਵਰ ਵਿੱਚ ਜਾਰੀ ਆਪਣੇ ਅੰਤਰਿਮ ਅਨੁਮਾਨਾਂ ਦੇ ਆਧਾਰ ’ਤੇ ਕਿਹਾ ਸੀ ਕਿ 2020-21 ਦੌਰਾਨ ਜੀਡੀਪੀ ਵਿੱਚ 7.7 ਫੀਸਦ ਦਾ ਨਿਘਾਰ ਰਹੇਗਾ। ਚੀਨ ਨੇ ਜਨਵਰੀ ਮਾਰਚ 2021 ਵਿੱਚ 18.3 ਫੀਸਦ ਦਾ ਆਰਥਿਕ ਵਿਕਾਸ ਦਰਜ ਕੀਤਾ ਹੈ। -ਪੀਟੀਆਈ