ਨਵੀਂ ਦਿੱਲੀ, 19 ਮਈ
ਚੀਨ ਵੱਲੋਂ ਪੂਰਬੀ ਲੱਦਾਖ ’ਚ ਪੈਂਗੌਂਗ ਤਸੋ ਖ਼ਿੱਤੇ ’ਚ ਦੂਜਾ ਪੁਲ ਬਣਾਏ ਜਾਣ ਦੀਆਂ ਰਿਪੋਰਟਾਂ ਮਗਰੋਂ ਭਾਰਤ ਨੇ ਅੱਜ ਕਿਹਾ ਕਿ ਇਹ ਇਲਾਕਾ ਕਈ ਦਹਾਕਿਆਂ ਤੋਂ ਚੀਨ ਦੇ ਕਬਜ਼ੇ ਹੇਠ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਉਂਜ ਭਾਰਤ ਅਜਿਹੇ ਘਟਨਾਕ੍ਰਮ ’ਤੇ ਨਜ਼ਰ ਰੱਖ ਰਿਹਾ ਹੈ। ਬਾਗਚੀ ਨੇ ਕਿਹਾ ਕਿ ਭਾਰਤ ਨੇ ਚੀਨ ਨਾਲ ਕਈ ਦੌਰ ਦੀ ਕੂਟਨੀਤਕ ਅਤੇ ਫ਼ੌਜੀ ਪੱਧਰ ਦੀ ਗੱਲਬਾਤ ਕੀਤੀ ਹੈ ਅਤੇ ਅੱਗੇ ਵੀ ਗੱਲਬਾਤ ਦਾ ਦੌਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਜਦੋਂ ਮਾਰਚ ’ਚ ਭਾਰਤ ਦੌਰੇ ’ਤੇ ਆਏ ਸਨ ਤਾਂ ਉਨ੍ਹਾਂ ਦੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨੇ ਸਾਰੇ ਖਦਸ਼ਿਆਂ ਤੋਂ ਜਾਣੂ ਕਰਵਾ ਦਿੱਤਾ ਸੀ ਅਤੇ ਕਿਹਾ ਸੀ ਕਿ ਦੋਵੇਂ ਗੁਆਂਢੀ ਮੁਲਕਾਂ ਵਿਚਕਾਰ ਰਿਸ਼ਤੇ ਤਾਂ ਹੀ ਸੁਧਰ ਸਕਦੇ ਹਨ ਜੇਕਰ ਅਸਲ ਕੰਟਰੋਲ ਰੇਖਾ ’ਤੇ ਵਾਪਰ ਰਹੀਆਂ ਘਟਨਾਵਾਂ ਦਾ ਕੋਈ ਢੁਕਵਾਂ ਹੱਲ ਨਹੀਂ ਨਿਕਲ ਆਉਂਦਾ। -ਪੀਟੀਆਈ