ਨਵੀਂ ਦਿੱਲੀ, 13 ਸਤੰਬਰ
ਸੰਯੁਕਤ ਰਾਸ਼ਟਰ ਦੀ ਇਕ ਉੱਚ ਪੱਧਰੀ ਮੀਟਿੰਗ ਵਿਚ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਦੇ ਨਾਲ ਖੜ੍ਹਾ ਹੈ, ਜਿਵੇਂ ਪਹਿਲਾਂ ਵੀ ਖੜ੍ਹਦਾ ਰਿਹਾ ਹੈ। ਜੈਸ਼ੰਕਰ ਨੇ ਕਿਹਾ ਕਿ ਅਫ਼ਗਾਨਿਸਤਾਨ ‘ਗੰਭੀਰ ਚੁਣੌਤੀਆਂ’ ਵਿਚੋਂ ਗੁਜ਼ਰ ਰਿਹਾ ਹੈ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ। ਵਰਚੁਅਲ ਮੀਟਿੰਗ ਵਿਚ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ’ਚ ਅਫ਼ਗਾਨਿਸਤਾਨ ਲਈ ਭਾਰਤ ਨੇ ਹਮੇਸ਼ਾ ਕੇਂਦਰੀ ਭੂਮਿਕਾ ਅਦਾ ਕੀਤੀ ਹੈ। ਅਫ਼ਗਾਨਿਸਤਾਨ ਪ੍ਰ੍ਰਤੀ ਭਾਰਤ ਦੀ ਪਹੁੰਚ ਹਮੇਸ਼ਾ ਇਸ ਦੇ ਲੋਕਾਂ ਨਾਲ ਕਾਇਮ ਇਤਿਹਾਸਕ ਦੋਸਤੀ ਤੋਂ ਪ੍ਰੇਰਿਤ ਰਹੀ ਹੈ ਤੇ ਇਹ ਉਹੀ ਰਹੇਗੀ। ਉਨ੍ਹਾਂ ਕਿਹਾ ਕਿ ਅਫ਼ਗਾਨ ਸੰਕਟ ਉਤੇ ਸਹਿਮਤੀ ਬਣਾਉਣ ਲਈ ਸੰਯੁਕਤ ਰਾਸ਼ਟਰ ਮਹੱਤਵਪੂਰਨ ਮੰਚ ਹੈ। ਜੈਸ਼ੰਕਰ ਨੇ ਕਿਹਾ ਕਿ ਸੁਰੱਖਿਅਤ ਲਾਂਘਾ ਤੇ ਯਾਤਰਾ ਕੁਝ ਅਜਿਹੇ ਮੁੱਦੇ ਹਨ ਜੋ ਕਿ ਮਦਦ ਭੇਜਣ ਵਿਚ ਅੜਿੱਕਾ ਬਣ ਸਕਦੇ ਹਨ ਤੇ ਇਨ੍ਹਾਂ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਲਗਾਤਾਰ ਉੱਥੇ ਦੀ ਸਥਿਤੀ ਉਤੇ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ। -ਪੀਟੀਆਈ