ਨਵੀਂ ਦਿੱਲੀ, 6 ਅਕਤੂਬਰ
ਭਾਰਤ 2030 ਤੱਕ ਚੀਨ ਨੂੰ ਪਿੱਛੇ ਛੱਡ ਕੇ ਘਰੇਲੂ ਐਲਪੀਜੀ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਜਾਵੇਗਾ। ਇਸ ਤਰ੍ਹਾਂ ਰਿਹਾਇਸ਼ੀ ਖੇਤਰ ਬਾਜ਼ਾਰ ਵਿਚ 2030 ਤੱਕ ਇਹ ਦੁਨੀਆ ਦਾ ਸਭ ਤੋਂ ਵੱਡਾ ਕੁਕਿੰਗ ਗੈਸ ਦਾ ਬਾਜ਼ਾਰ ਬਣ ਸਕਦਾ ਹੈ। ਖੋਜ ਤੇ ਸਲਾਹਕਾਰ ਕੰਪਨੀ ਵੂਡ ਮੈਕੈਂਜ਼ੀ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਘਰਾਂ ਵਿਚ ਐਲਪੀਜੀ ਦੀ ਮੰਗ ਵਿਚ ਵਾਧਾ ਜਾਰੀ ਰਹੇਗਾ। ਇਸ ਦੇ ਸਾਲਾਨਾ 3.3 ਪ੍ਰਤੀਸ਼ਤ ਵਾਧਾ ਦਰ ਨਾਲ 2030 ਤੱਕ 3.4 ਕਰੋੜ ਟਨ ਦੇ ਪੱਧਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਇਸ ਦਾ ਕਾਰਨ ਪਰਿਵਾਰ ਦੀ ਔਸਤ ਆਮਦਨ ਵਿਚ ਵਾਧੇ ਤੇ ਸ਼ਹਿਰੀ ਆਬਾਦੀ ਵਧਣ ਦੇ ਨਾਲ ਲਕੜੀ ਸਮੇਤ ਹੋਰ ਠੋਸ ਧੂੰਆਂ ਛੱਡਣ ਵਾਲੇ ਈਂਧਨ ਉਤੇ ਨਿਰਭਰਤਾ ਘੱਟ ਹੋਣਾ ਦੱਸਿਆ ਗਿਆ ਹੈ। ਵਾਤਾਵਰਨ ਤੇ ਸਿਹਤ ਸਬੰਧੀ ਫ਼ਿਕਰਾਂ ਦਰਮਿਆਨ ਸਰਕਾਰ ਘੱਟ ਆਮਦਨ ਵਾਲੇ ਪਰਿਵਾਰਾਂ ਵਿਚ ਐਲਪੀਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਚਲਾ ਰਹੀ ਹੈ। -ਪੀਟੀਆਈ