ਨਵੀਂ ਦਿੱਲੀ, 23 ਨਵੰਬਰ
ਭਾਰਤ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਲਿਆਉਣ ਲਈ ਅਮਰੀਕਾ, ਜਪਾਨ ਤੇ ਹੋਰ ਵੱਡੇ ਅਰਥਚਾਰਿਆਂ ਮਗਰੋਂ ਆਪਣੇ ਰਣਨੀਤਕ ਤੇਲ ਭੰਡਾਰ ’ਚੋਂ 50 ਲੱਖ ਬੈਰਲ ਕੱਚਾ ਤੇਲ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਪੂਰਬੀ ਤੇ ਪੱਛਮੀ ਤੱਟਾਂ ’ਤੇ ਆਪਣੇ ਤਿੰਨ ਜ਼ਮੀਨਦੋਜ਼ ਟਿਕਾਣਿਆਂ ’ਚ ਭੰਡਾਰ ਕੀਤੇ 5.33 ਮਿਲੀਅਨ ਟਨ ਜਾਂ ਕੱਚੇ ਤੇਲ ਦਾ ਹਿੱਸਾ ਕੱਢੇਗਾ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਕਰੀਬਨ ਪੰਜ ਲੱਖ ਬੈਰਲ ਤੇਲ ਕੱਢਿਆ ਜਾਵੇਗਾ ਤੇ ਇਹ ਪ੍ਰਕਿਰਿਆ ਅਗਲੇ ਹਫ਼ਤੇ ਦਸ ਦਿਨ ਅੰਦਰ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਦੇ ਰਣਨੀਤਕ ਭੰਡਾਰ ’ਚੋਂ ਕੱਢਿਆ ਜਾਣ ਵਾਲਾ ਕੱਚਾ ਤੇਲ ਮੰਗਲੌਰ ਰਿਫਾਈਨਰੀ ਤੇ ਪੈਟਰੋਕੈਮੀਕਲਜ਼ ਲਿਮਿਟਡ (ਐੱਮਆਰਪੀਐੱਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (ਐੱਚਪੀਸੀਐੱਲ) ਨੂੰ ਵੇਚਿਆ ਜਾਵੇਗਾ। ਇਹ ਦੋਵੇਂ ਇਕਾਈਆਂ ਪਾਈਪਲਾਈਨ ਰਾਹੀਂ ਇਨ੍ਹਾਂ ਰਣਨੀਤਕ ਤੇਲ ਭੰਡਾਰਾਂ ਨਾਲ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ, ‘ਅਸੀਂ ਲੋੜ ਪੈਣ ’ਤੇ ਆਪਣੇ ਰਾਖਵੇਂ ਭੰਡਾਰ ’ਚੋਂ ਹੋਰ ਤੇਲ ਵੀ ਕੱਢ ਸਕਦੇ ਹਾਂ। ਇਸ ਦਾ ਰਸਮੀ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ।’ ਅਮਰੀਕਾ ਨੇ ਪਿਛਲੇ ਹਫ਼ਤੇ ਭਾਰਤ, ਚੀਨ ਤੇ ਜਪਾਨ ਸਮੇਤ ਦੁਨੀਆ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਮੁਲਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਲਮੀ ਪੱਧਰ ’ਤੇ ਤੇਲ ਕੀਮਤਾਂ ਘਟਾਉਣ ’ਚ ਸਹਿਯੋਗ ਦੇਣ ਲਈ ਆਪਣੇ ਤੇਲ ਭੰਡਾਰਾਂ ’ਚੋਂ ਤੇਲ ਕੱਢਣ ’ਤੇ ਵਿਚਾਰ ਕਰਨ। ਜ਼ਿਕਰਯੋਗ ਹੈ ਕਿ ਪੈਟਰੋਲੀਅਮ ਦਰਾਮਦਕਾਰ ਮੁਲਕਾਂ ਦੀ ਸੰਸਥਾ (ਓਪੇਕ) ਦੇ ਮੈਂਬਰਾਂ ਤੇ ਇਸ ਦੇ ਭਾਈਵਾਲਾਂ ਨੇ ਤੇਲ ਉਤਪਾਦਨ ਤੇਜ਼ੀ ਨਾਲ ਵਧਾਉਣ ਦੀਆਂ ਅਰਜ਼ੀਆਂ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਜਿਸ ਮਗਰੋਂ ਹੋਰ ਤੇਲ ਉਤਪਾਦਕ ਮੁਲਕਾਂ ਨੂੰ ਆਪਣੇ ਰਾਖਵੇਂ ਤੇਲ ਭੰਡਾਰ ਵਰਤਣ ਦਾ ਫ਼ੈਸਲਾ ਲੈਣਾ ਪੈ ਰਿਹਾ ਹੈ। ਭਾਰਤ ਕਿਉਂਕਿ ਇੱਕ ਵੱਡਾ ਤੇਲ ਖਪਤਕਾਰ ਮੁਲਕ ਹੈ ਇਸ ਲਈ ਸਾਊਦੀ ਅਰਬ ਵੱਲੋਂ ਆਪਣੀ ਦਰਾਮਦ ਘਟਾਉਣ ਦਾ ਇਸ ’ਤੇ ਵੱਡਾ ਅਸਰ ਹੋਇਆ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੀਤੇ ਹਫ਼ਤੇ ਦੁਬਈ ’ਚ ਕਿਹਾ ਸੀ ਕਿ ਤੇਲ ਕੀਮਤਾਂ ਵਧਣ ਦਾ ਅਸਰ ਆਲਮੀ ਆਰਥਿਕਤਾ ਦੇ ਮੁੜ ਪੈਰਾਂ ਸਿਰ ਹੋਣ ’ਤੇ ਹੋਵੇਗਾ। ਇੱਕ ਅਧਿਕਾਰੀ ਨੇ ਕਿਹਾ ਕਿ ਦੂਜੇ ਮੁਲਕਾਂ ਨਾਲ ਤਾਲਮੇਲ ਬਣਾ ਕੇ ਰਣਨੀਤਕ ਭੰਡਾਰ ’ਚੋਂ ਤੇਲ ਕੱਢਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦਾ ਸਮਾਂ ਅਮਰੀਕਾ ਵੱਲੋਂ ਇਸ ਸਬੰਧੀ ਰਸਮੀ ਐਲਾਨ ਕੀਤੇ ਜਾਣ ’ਤੇ ਨਿਰਭਰ ਕਰੇਗਾ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਾ ਖਪਤਕਾਰ ਤੇ ਦਰਾਮਦਕਾਰ ਮੁਲਕ ਹੈ ਅਤੇ ਕੌਮਾਂਤਰੀ ਮੰਡੀ ’ਚ ਵਧਦੀਆਂ ਤੇਲ ਦੀਆਂ ਕੀਮਤਾਂ ਤੋਂ ਇਹ ਕਈ ਵਾਰ ਪ੍ਰਭਾਵਿਤ ਹੋਇਆ ਹੈ।
ਇਸ ਸਬੰਧੀ ਚੀਨ ਦਾ ਕਹਿਣਾ ਹੈ ਕਿ ਉਹ ਕੱਚਾ ਤੇਲ ਕੱਢਣ ਲਈ ਕੰਮ ਕਰ ਰਿਹਾ ਹੈ ਜਦਕਿ ਜਪਾਨ ਨੇ ਵੀ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੇ ਪੱਛਮੀ ਤੇ ਪੂਰਬੀ ਦੋਵਾਂ ਤੱਟਾਂ ’ਤੇ ਰਣਨੀਤਕ ਤੇਲ ਭੰਡਾਰ ਬਣਾਏ ਹੋਏ ਹਨ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੇ ਕਰਨਾਟਕ ਦੇ ਮੰਗਲੂਰੂ ਤੇ ਪਦੁਰ ’ਚ ਇਹ ਜ਼ਮੀਨਦੋਜ਼ ਤੇਲ ਭੰਡਾਰ ਹਨ। ਇਨ੍ਹਾਂ ਦੀ ਸਾਂਝੀ ਭੰਡਾਰਨ ਸਮਰੱਥਾ ਕਰੀਬ 3.8 ਕਰੋੜ ਬੈਰਲ ਦੀ ਹੈ। -ਪੀਟੀਆਈ
ਅਮਰੀਕਾ ਵੀ ਆਪਣੇ ਰਣਨੀਤਕ ਭੰਡਾਰ ’ਚੋਂ ਪੰਜ ਕਰੋੜ ਬੈਰਲ ਤੇਲ ਜਾਰੀ ਕਰੇਗਾ
ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਆਪਣੇ ਰਣਨੀਤਕ ਤੇਲ ਭੰਡਾਰ ਤੋਂ ਪੰਜ ਕਰੋੜ ਬੈਰਲ ਤੇਲ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਅਮਰੀਕਾ ਹੋਰਨਾਂ ਮੁਲਕਾਂ ਦੇ ਨਾਲ ਤਾਲਮੇਲ ਕਰ ਕੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਥੱਲੇ ਲਿਆਉਣ ਦਾ ਯਤਨ ਕਰ ਰਿਹਾ ਹੈ। ‘ਅਮੈਰੀਕਨ ਆਟੋਮੋਬਾਈਲ ਐਸੋਸੀਏਸ਼ਨ’ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਇਸ ਕਦਮ ਦਾ ਮਕਸਦ ਗੈਸ ਤੇ ਪੈਟਰੋਲ ਦੀ ਕੀਮਤ ਘਟਾਉਣਾ ਹੈ। ਇਸ ਸਮੇਂ ਇਸ ਦੀ ਕੀਮਤ 3.40 ਡਾਲਰ ਪ੍ਰਤੀ ਗੈਲਨ ਹੈ ਜੋ ਸਾਲ ਪਹਿਲਾਂ ਦੀ ਤੁਲਨਾ ਵਿਚ ਦੁੱਗਣੀ ਹੈ। ਅਮਰੀਕਾ ਤੋਂ ਇਲਾਵਾ ਭਾਰਤ, ਜਪਾਨ, ਕੋਰੀਆ ਤੇ ਬਰਤਾਨੀਆ ਨੇ ਵੀ ਆਪਣੇ ਰਣਨੀਤਕ ਭੰਡਾਰ ਤੋਂ ਕੱਚਾ ਤੇਲ ਜਾਰੀ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਊਰਜਾ ਵਿਭਾਗ ਰਣਨੀਤਕ ਭੰਡਾਰ ਤੋਂ ਤੇਲ ਦੋ ਤਰੀਕਿਆਂ ਨਾਲ ਉਪਲੱਬਧ ਕਰਾਏਗਾ। 3.2 ਕਰੋੜ ਬੈਰਲ ਅਗਲੇ ਕੁਝ ਮਹੀਨਿਆਂ ਦੌਰਾਨ ਜਾਰੀ ਕੀਤਾ ਜਾਵੇਗਾ ਜੋ ਆਉਣ ਵਾਲੇ ਸਾਲਾਂ ਵਿਚ ਭੰਡਾਰ ਵਿਚ ਵਾਪਸ ਆਏਗਾ। ਉੱਥੇ 1.8 ਕਰੋੜ ਬੈਰਲ ਤੇਲ ਦੀ ਵਿਕਰੀ ਪਹਿਲਾਂ ਸੰਸਦ ਵੱਲੋਂ ਮਿਲੀ ਮਨਜ਼ੂਰੀ ਮੁਤਾਬਕ ਹੋਵੇਗੀ। ਸਾਲ 1973 ਦੇ ਊਰਜਾ ਸੰਕਟ ਤੋਂ ਬਾਅਦ ਹੰਗਾਮੀ ਮੰਤਵਾਂ ਲਈ ਰਣਨੀਤਕ ਪੈਟਰੋਲੀਅਮ ਭੰਡਾਰ ਬਣਾਇਆ ਗਿਆ ਸੀ। -ਏਪੀ