ਨਵੀਂ ਦਿੱਲੀ, 5 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਕੋਵਿਡ ਲਈ ਬਣਾਇਆ ਗਿਆ ਤਕਨਾਲੋਜੀ ਪਲੈਟਫਾਰਮ ‘ਕੋਵਿਨ’ ਸਾਰੇ ਮੁਲਕਾਂ ਦੇ ਵਰਤਣ ਲਈ ਜਲਦੀ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ’ਚ ਭਾਰਤ ਆਪਣੀ ਮੁਹਾਰਤ ਤੇ ਸਰੋਤਾਂ ਬਾਰੇ ਦੁਨੀਆ ਨੂੰ ਦੱਸਣ ਲਈ ਵਚਨਬੱਧ ਹੈ। ‘ਕੋਵਿਨ ਆਲਮੀ ਸੰਮੇਲਨ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੋਈ ਵੀ ਮੁਲਕ, ਚਾਹੇ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਮਹਾਮਾਰੀ ਵਰਗੀ ਚੁਣੌਤੀ ਨਾਲ ਇਕੱਲਾ ਨਹੀਂ ਨਜਿੱਠ ਸਕਦਾ। ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਭਾਰਤ ਆਪਣੇ ਤਜਰਬੇ, ਮੁਹਾਰਤ ਤੇ ਸਰੋਤ ਦੁਨੀਆ ਨਾਲ ਸਾਂਝੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੋਵਿਡ ਖ਼ਿਲਾਫ਼ ਤਕਨਾਲੋਜੀ ਦਾ ਮਹੱਤਵਪੂਰਨ ਰੋਲ ਹੈ। ਮੋਦੀ ਨੇ ਕਿਹਾ ਕਿ ਟੀਕਾਕਰਨ ਹੀ ਮਹਾਮਾਰੀ ਤੋਂ ਉੱਭਰਨ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਰੀਬ 50 ਮੁਲਕ ਜਿਨ੍ਹਾਂ ਵਿਚ ਕੈਨੇਡਾ, ਮੈਕਸਿਕੋ, ਨਾਇਜੀਰੀਆ ਤੇ ਹੋਰ ਸ਼ਾਮਲ ਹਨ, ਨੇ ਭਾਰਤ ਦੀ ‘ਕੋਵਿਨ’ ਐਪ ਵਿਚ ਦਿਲਚਸਪੀ ਲਈ ਹੈ। ਇਸ ਮੌਕੇ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ‘ਕੋਵਿਨ’ ਨੂੰ ਆਲਮੀ ਪੱਧਰ ਉਤੇ ਅਪਣਾਇਆ ਜਾ ਸਕਦਾ ਹੈ। ਇਸ ਵਰਚੁਅਲ ਸਮਾਗਮ ਵਿਚ 140 ਮੁਲਕਾਂ ਦੇ ਨੁਮਾਇੰਦੇ ਹਾਜ਼ਰ ਸਨ। ਸਿਹਤ ਮੰਤਰੀ ਹਰਸ਼ ਵਰਧਨ ਨੇ ਇਸ ਮੌਕੇ ਕਿਹਾ ਕਿ ਭਾਰਤ ‘ਕੋਵਿਨ’ ਸੰਸਾਰ ਲਈ ਖੋਲ੍ਹ ਰਿਹਾ ਹੈ ਤੇ ਇਹ ਤਕਨੀਕੀ ਟੂਲ ਲੋਕਾਂ ਦੀ ਵੱਡੇ ਪੱਧਰ ਉਤੇ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਦੀ ਰਫ਼ਤਾਰ ਵਧਾਉਣਾ ਸਮੇਂ ਦੀ ਲੋੜ ਹੈ। -ਪੀਟੀਆਈ