ਕੋਲਕਾਤਾ, 2 ਫਰਵਰੀ
ਫਰਾਂਸ ਦੇ ਬਣੇ ਜੰਗੀ ਜਹਾਜ਼ ਰਾਫਾਲ ਦੇ ਸਮੁੰਦਰੀ ਵਰਜ਼ਨ ਰਾਫੇਲ-ਐੱਮ ਦਾ ਉਡਾਣ ਟੈਸਟ ਗੋਆ ਦੇ ਤੱਟ ’ਤੇ ਬਣੇ ਇਕ ਬੇਸ ’ਤੇ ਕੀਤਾ ਗਿਆ ਅਤੇ ਇਸ ਲਈ ਠੀਕ ਉਸੇ ਤਰ੍ਹਾਂ ਦੇ ਹਾਲਾਤ ਬਣਾਏ ਗਏ ਜਿਵੇਂ ਕਿ ਦੇਸ਼ ਵਿਚ ਬਣੇ ਹਵਾਈ ਜਹਾਜ਼ਾਂ ਨੂੰ ਲੈ ਕੇ ਜਾਣ ਵਾਲੇ ਸਮੁੰਦਰੀ ਜਹਾਜ਼ ਆਈਐੱਨਐੱਸ ਵਿਕਰਾਂਤ ’ਤੇ ਹੁੰਦੇ ਹਨ। ਇਹ ਜਾਣਕਾਰੀ ਅੱਜ ਇਕ ਚੋਟੀ ਦੇ ਰਾਜਦੂਤ ਨੇ ਦਿੱਤੀ। ਰਾਫਾਲ-ਐੱਮ ਦਾ ਮੁਕਾਬਲਾ ਅਮਰੀਕਾ ਵਿਚ ਬਣੇ ਸੁਪਰ ਹੌਰਨੈੱਟ ਨਾਲ ਹੈ। 44,000 ਟਨ ਦੇ ਆਈਐੱਨਐੱਸ ਵਿਕਰਾਂਤ ’ਤੇ ਤਾਇਨਾਤ ਕਰਨ ਲਈ ਭਾਰਤੀ ਜਲ ਸੈਨਾ ਵੱਲੋਂ ਸੰਭਾਵੀ ਖ਼ਰੀਦ ਲਈ ਰਾਫਾਲ-ਐੱਮ ਅਤੇ ਅਮਰੀਕਾ ਵਿਚ ਬਣੇ ਸੁਪਰ ਹੌਰਨੈੱਟ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਅਗਸਤ ਵਿਚ ਰਾਫਾਲ-ਐੱਮ ਨੂੰ ਜਲ ਸੈਨਾ ਦੇ ਬੇੜੇ ਵਿਚ ਸ਼ਾਮਲ ਕਰਨ ਲਈ ਇਸ ਦਾ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿਚ ਇਸ ਦਾ ਪਰੀਖਣ ਚੱਲ ਰਿਹਾ ਹੈ। ਭਾਰਤ ਲਈ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨੇਨ ਨੇ ਮੰਗਲਵਾਰ ਸ਼ਾਮ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ, ‘‘ਭਾਰਤ ਦੇ ਆਈਐੱਨਐੱਸ ਤੋਂ ਉਡਾਣ ਭਰਨ ਦੀ ਸਮਰੱਥਾ ਸਬੰਧੀ ਰਾਫਾਲ-ਐੱਮ ਦੇ ਟੈਸਟ ਕੀਤੇ ਗਏ ਹਨ ਅਤੇ ਰਾਫਾਲ-ਐੱਮ ਨੇ ਇਨ੍ਹਾਂ ਟੈਸਟਾਂ ਵਿਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਭਾਰਤ ਦਾ ਇਹ ਨਵਾਂ ਹਵਾਈ ਜਹਾਜ਼ ਲੈ ਕੇ ਜਾਣ ਵਾਲਾ ਸਮੁੰਦਰੀ ਜਹਾਜ਼ ਸਕੀ-ਜੰਪ ਲਾਂਚ ਸਮੁੰਦਰੀ ਜਹਾਜ਼ ਵਜੋਂ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਕੋਈ ਹਵਾਈ ਜਹਾਜ਼ ਇਸ ਦੀ ਰਫ਼ਤਾਰ ਦੀ ਮਦਦ ਨਾਲ ਉਡਾਣ ਭਰ ਸਕਦਾ ਹੈ। ਭਾਰਤੀ ਜਲ ਸੈਨਾ ਵੱਲੋਂ ਇਸ ਪਰੀਖਣ ਲਈ ਚੁਣਿਆ ਗਿਆ ਹਵਾਈ ਜਹਾਜ਼ ਇਸ ਤਰੀਕੇ ਨਾਲ ਉਡਾਣ ਭਰਨ ਦੇ ਸਮਰੱਥ ਹੋਣਾ ਚਾਹੀਦਾ ਹੈ। -ਪੀਟੀਆਈ